ਨਵੀਂ ਦਿੱਲੀ, 20 ਸਤੰਬਰ (ਉਪਮਾ ਡਾਗਾ ਪਾਰਥ)- ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਈਰਾਨ ਦੀ ਯਾਤਰਾ ਨੂੰ ਲੈ ਕੇ ਸੁਚੇਤ ਰਹਿਣ ਦੀ ਸਲਾਹ ਦਿੰਦਿਆਂ ਕਿਹਾ ਕਿ ਹਾਲੀਆ ਦਿਨਾਂ 'ਚ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਤੇ ਭਾਰਤੀਆਂ ਨੂੰ ਫ਼ਰਜ਼ੀ ਰੁਜ਼ਗਾਰ ਦਾ ਲਾਲਚ ਦੇ ਕੇ ਈਰਾਨ ਬੁਲਾਇਆ ਗਿਆ ਅਤੇ ਉਥੇ ਅਪਰਾਧਕ ਗਰੋਹਾਂ ਵਲੋਂ ਅਗਵਾ ਕਰ ਲਿਆ ਗਿਆ ਅਤੇ ਫਿਰੌਤੀ ਦੀ ਮੰਗ ਕੀਤੀ ਗਈ | ਵਿਦੇਸ਼ ਮੰਤਰਾਲੇ ਨੇ ਇਸ ਸੰਬੰਧ 'ਚ ਸਲਾਹ ਜਾਰੀ ਕਰਦਿਆਂ ਕਿਹਾ ਕਿ ਭਾਰਤੀ ਨਾਗਰਿਕ ਰੁਜ਼ਗਾਰ ਜਾਂ ਵੀਜ਼ਾ ਮੁਕਤ ਦਾਖ਼ਲੇ ਜਿਹੇ ਕਿਸੇ ਵੀ ਪ੍ਰਸਤਾਵ ਦੇ ਲਾਲਚ 'ਚ ਨਾ ਆਉਣ | ਮੰਤਰਾਲੇ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਈਰਾਨ ਸਿਰਫ਼ ਸੈਰ-ਸਪਾਟੇ ਲਈ ਹੀ ਭਾਰਤੀਆਂ ਨੂੰ ਵੀਜ਼ਾ ਮੁਕਤ ਦਾਖ਼ਲਾ ਦਿੰਦਾ ਹੈ | ਰੁਜ਼ਗਾਰ ਜਾਂ ਹੋਰ ਕੰਮਾਂ ਲਈ ਵੀਜ਼ਾ ਮੁਕਤ ਦਾਖ਼ਲੇ ਦੀ ਕੋਈ ਵਿਵਸਥਾ ਨਹੀਂ ਹੈ | ਵਿਦੇਸ਼ ਮੰਤਰਾਲੇ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੋ ਏਜੰਟ ਰੁਜ਼ਗਾਰ ਜਾਂ ਹੋਰ ਕਾਰਨਾਂ ਕਾਰਨ ਵੀਜ਼ਾ ਮੁਕਤ ਈਰਾਨ 'ਚ ਦਾਖ਼ਲ ਕਰਵਾਉਣ ਦਾ ਵਾਅਦਾ ਕਰਦੇ ਹਨ, ਉਹ ਕਿਸੇ ਅਪਰਾਧਕ ਗਰੋਹ ਨਾਲ ਜੁੜੇ ਹੋ ਸਕਦੇ ਹਨ, ਅਜਿਹੇ ਲੋਕਾਂ ਤੋਂ ਸਾਵਧਾਨ ਰਹੋ |