ਨਵੀਂ ਦਿੱਲੀ, 20 ਸਤੰਬਰ (ਉਪਮਾ ਡਾਗਾ ਪਾਰਥ)-ਅਮਰੀਕਾ ਵਲੋਂ ਐੱਚ-1ਬੀ ਵੀਜ਼ਾ ਦੀ ਫ਼ੀਸ ਵਧਾਉਣ 'ਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਨਜ਼ ਕੱਸਦਿਆਂ ਕਿਹਾ ਕਿ ਭਾਰਤ ਕੋਲ ਸਭ ਤੋਂ ਕਮਜ਼ੋਰ ਪ੍ਰਧਾਨ ਮੰਤਰੀ ਹਨ | ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪਾਏ ਸੰਦੇਸ਼ 'ਚ ਅਖ਼ਬਾਰ 'ਚ ਲੱਗੀ ਖ਼ਬਰ ਦਾ ਹਵਾਲਾ ਵੀ ਦਿੱਤਾ, ਜਿਸ 'ਚ ਕਿਹਾ ਗਿਆ ਸੀ ਕਿ 71 ਫ਼ੀਸਦੀ ਭਾਰਤੀਆਂ ਕੋਲ ਐੱਚ-1ਬੀ ਵੀਜ਼ਾ ਹੈ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਲਾਈ ਗਈ 88 ਲੱਖ ਦੀ ਫ਼ੀਸ ਨਾਲ ਉਨ੍ਹਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਹੋਏਗੀ | ਰਾਹੁਲ ਗਾਂਧੀ ਵਲੋਂ ਸਨਿਚਰਵਾਰ ਨੂੰ ਐੱਚ-1ਬੀ ਵੀਜ਼ਾ ਦੀ ਫ਼ੀਸ ਵਧਾਉਣ 'ਤੇ ਪਾਏ ਸੰਦੇਸ਼ 'ਚ ਪੁਰਾਣੇ ਟਵੀਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਦੁਹਰਾਉਂਦੇ ਹਨ ਕਿ ਭਾਰਤ ਕੋਲ ਇਕ ਕਮਜ਼ੋਰ ਪ੍ਰਧਾਨ ਮੰਤਰੀ ਹੈ | ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਵੀ ਟਰੰਪ ਵਲੋਂ ਐੱਚ-1ਬੀ ਵੀਜ਼ਾ 'ਤੇ ਫ਼ੀਸ ਵਧਾਏ ਜਾਣ 'ਤੇ ਪ੍ਰਧਾਨ ਮੰਤਰੀ 'ਤੇ ਤਨਜ਼ ਕੱਸਦਿਆਂ ਕਿਹਾ ਕਿ ਮੋਦੀ ਨੇ ਜਨਮ ਦਿਨ 'ਤੇ ਜੋ ਰਿਟਰਨ ਗਿਫ਼ਟ ਦਿੱਤਾ ਹੈ, ਉਸ ਤੋਂ ਹਰ ਭਾਰਤੀ ਦੁਖੀ ਹੈ | ਉਨ੍ਹਾਂ ਕਿਹਾ ਕਿ ਗਲੇ ਮਿਲਣਾ ਅਤੇ ਲੋਕਾਂ ਤੋਂ 'ਮੋਦੀ-ਮੋਦੀ' ਦੇ ਨਾਅਰੇ ਲਗਵਾਉਣਾ ਵਿਦੇਸ਼ ਨੀਤੀ ਨਹੀਂ ਹੈ |