ਨਵੀਂ ਦਿੱਲੀ, (ਏਜੰਸੀ)- ਯੂਰਪੀ ਹਵਾਈ ਅੱਡਿਆਂ 'ਤੇ ਹੋਏ ਸਾਈਬਰ ਹਮਲੇ ਦਾ ਭਾਰਤੀ ਹਵਾਈ ਅੱਡਿਆਂ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਪਿਆ | ਇਕ ਅਧਿਕਾਰੀ ਅਨੁਸਾਰ ਕੋਲਿਨਸ ਐਮ.ਯੂ.ਐਸ.ਈ. ਐਪਲੀਕੇਸ਼ਨ ਮੁੱਖ ਰੂਪ ਨਾਲ ਯੂਰਪੀ ਦੇਸ਼ਾਂ 'ਚ ਇਸਤੇਮਾਲ ਕੀਤੀ ਜਾਂਦੀ ਹੈ ਅਤੇ ਹੁਣ ਤੱਕ ਕੇਵਲ ਕੁਝ ਹਵਾਈ ਅੱਡੇ ਹੀ ਪ੍ਰਭਾਵਿਤ ਹੋਏ ਹਨ | ਏਅਰ ਇੰਡੀਆ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਹੀਥਰੋ 'ਚ ਕਿਸੇ ਤੀਸਰੇ ਪੱਖ ਦੇ ਯਾਤਰੀ ਸਿਸਟਮ 'ਚ ਸਮੱਸਿਆ ਕਾਰਨ ਚੈੱਕ-ਇਨ ਪ੍ਰਕਿਰਿਆ 'ਚ ਦੇਰੀ ਹੋ ਸਕਦੀ ਹੈ, ਲੰਡਨ 'ਚ ਸਾਡੀਆਂ ਟੀਮਾਂ ਅਸੁਵਿਧਾ ਨੂੰ ਘੱਟ ਕਰਨ ਲਈ ਕੰਮ ਕਰ ਰਹੀਆਂ ਹਨ | ਏਅਰਲਾਈਨ ਨੇ ਕਿਹਾ ਕਿ ਅੱਜ (ਸਨਿਚਰਵਾਰ) ਲੰਡਨ ਤੋਂ ਏਅਰ ਇੰਡੀਆ ਦੀ ਉਡਾਣ ਭਰਨ ਵਾਲੇ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਹਵਾਈ ਅੱਡੇ 'ਤੇ ਪਹੁੰਚਣ ਤੋਂ ਪਹਿਲਾਂ ਆਪਣਾ ਵੈਬ ਚੈੱਕ-ਇਨ ਪੂਰਾ ਕਰ ਲੈਣ |