ਨਵੀਂ ਦਿੱਲੀ, 20 ਸਤੰਬਰ (ਉਪਮਾ ਡਾਗਾ ਪਾਰਥ)-ਰੱਖਿਆ ਮੰਤਰੀ ਰਾਜਨਾਥ ਸਿੰਘ 22 ਅਤੇ 23 ਸਤੰਬਰ ਨੂੰ ਮੋਰੱਕੋ ਦੇ ਦੋ ਦਿਨਾਂ ਦੇ ਅਧਿਕਾਰਕ ਦੌਰੇ 'ਤੇ ਜਾਣਗੇ | ਰਾਜਨਾਥ ਸਿੰਘ ਆਪਣੇ ਮੋਰੱਕੋ ਦੇ ਹਮਰੁਤਬਾ ਅਬਦੇਲਤੀਫ ਲੋਕੀ ਦੇ ਸੱਦੇ 'ਤੇ ਜਾ ਰਹੇ ਹਨ, ਜੋ ਕਿ ਕਿਸੇ ਭਾਰਤੀ ਰੱਖਿਆ ਮੰਤਰੀ ਦਾ ਪਹਿਲਾ ਦੌਰਾ ਹੈ | ਰੱਖਿਆ ਮੰਤਰਾਲੇ ਮੁਤਾਬਿਕ ਰਾਜਨਾਥ ਸਿੰਘ ਟਾਟਾ ਐਡਵਾਂਸਡ ਸਿਸਟਮ ਦੇ ਨਵੇਂ ਨਿਰਮਾਣ ਯੂਨਿਟ ਦਾ ਉਦਘਾਟਨ ਕਰਨਗੇ, ਜੋ ਕਿ ਅਫਰੀਕਾ 'ਚ ਪਹਿਲਾ ਭਾਰਤੀ ਰੱਖਿਆ ਨਿਰਮਾਣ ਪਲਾਂਟ ਹੋਏਗਾ | ਇਸ ਤੋਂ ਇਲਾਵਾ ਰਾਜਨਾਥ ਸਿੰਘ ਮੋਰੱਕੋ ਦੇ ਰੱਖਿਆ ਮੰਤਰੀ ਅਬਦੇਲਤੀਫ ਨਾਲ ਦੁਵੱਲੀ ਮੁਲਾਕਾਤ ਕਰਨਗੇ, ਜਿਸ ਦਾ ਉਦੇਸ਼ ਰੱਖਿਆ, ਰਣਨੀਤਕ ਅਤੇ ਉਦਯੋਗਿਕ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ | ਰਾਜਨਾਥ ਸਿੰਘ ਮੋਰੱਕੋ ਦੇ ਉਦਯੋਗ ਅਤੇ ਵਪਾਰ ਮੰਤਰੀ ਰਿਆਦ ਮੇਜੂਰ ਨਾਲ ਵੀ ਮੁਲਾਕਾਤ ਕਰਨਗੇ | ਦੌਰੇ ਦੌਰਾਨ ਦੋਹਾਂ ਦੇਸ਼ਾਂ ਦਰਮਿਆਨ ਰੱਖਿਆ ਸਹਿਯੋਗ ਦੇ ਖੇਤਰ 'ਚ ਇਕ ਸਮਝੌਤੇ 'ਤੇ ਦਸਤਖ਼ਤ ਹੋਣ ਦੀ ਵੀ ਸੰਭਾਵਨਾ ਹੈ | ਇਸ ਤੋਂ ਇਲਾਵਾ ਉਹ ਭਾਰਤੀ ਮੂਲ ਦੇ ਭਾਈਚਾਰੇ ਦੇ ਲੋਕਾਂ ਨਾਲ ਵੀ ਸੰਵਾਦ ਕਰਨਗੇ |