ਨਵੀਂ ਦਿੱਲੀ, 20 ਸਤੰਬਰ (ਅਜੀਤ ਬਿਊਰੋ)-ਭਾਜਪਾ ਦੇ ਸੀਨੀਅਰ ਆਗੂ ਆਰ.ਪੀ. ਸਿੰਘ ਨੇ ਕਿਹਾ ਹੈ ਕਿ 15 ਅਗਸਤ 2025 ਨੂੰ ਲਾਲ ਕਿਲ੍ਹੇ ਤੋਂ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੈਕਸ ਸੁਧਾਰਾਂ ਦਾ ਐਲਾਨ ਕੀਤਾ ਸੀ | ਪ੍ਰਧਾਨ ਮੰਤਰੀ ਨੇ ਅਗਲੀ ਪੀੜ੍ਹੀ ਦੇ ਜੀ.ਐਸ.ਟੀ. ਦੀ ਰੂਪਰੇਖਾ ਤਿਆਰ ਕੀਤੀ ਹੈ | ਆਰ.ਪੀ. ਸਿੰਘ ਨੇ ਕਿਹਾ ਹੈ ਕਿ ਭਾਰਤੀ ਸਟੇਟ ਬੈਂਕ ਦੀ ਇਕ ਰਿਪੋਰਟ ਅਨੁਸਾਰ ਇਸ ਕਦਮ ਨਾਲ ਲਗਭਗ 12 ਲੱਖ ਕਰੋੜ ਦੀ ਖਪਤ ਵਧੇਗੀ, ਜਿਸ ਨਾਲ ਦੇਸ਼ ਦੀ ਆਰਥਿਕਤਾ ਨੂੰ ਇਕ ਨਵਾਂ ਹੁਲਾਰਾ ਮਿਲੇਗਾ | ਇਹ ਸੁਧਾਰ ਪੁਰਾਣੇ ਯੁੱਗ ਦੇ ਬਿਲਕੁਲ ਉਲਟ ਹੈ ਜਦੋਂ ਦੇਸ਼ ਦੀ ਟੈਕਸ ਪ੍ਰਣਾਲੀ ਨੂੰ ਖੰਡਿਤ ਕੀਤਾ ਗਿਆ ਸੀ | ਵਿਅਕਤੀਗਤ ਰਾਜਾਂ 'ਚ ਵੈਟ, ਆਬਕਾਰੀ, ਪ੍ਰਵੇਸ਼ ਟੈਕਸ ਤੇ ਸੇਵਾ ਟੈਕਸ ਨੇ ਵਪਾਰੀਆਂ ਤੇ ਖਪਤਕਾਰਾਂ ਦੋਵਾਂ 'ਤੇ ਬੋਝ ਵਧਾਇਆ | ਟੈਕਸ 'ਤੇ ਟੈਕਸ ਲਗਾਉਣ ਕਾਰਨ ਚੀਜ਼ਾਂ ਮਹਿੰਗੀਆਂ ਹੋ ਗਈਆਂ ਤੇ ਆਮ ਆਦਮੀ ਨੂੰ ਨੁਕਸਾਨ ਝੱਲਣਾ ਪਿਆ | ਉਨ੍ਹਾਂ ਕਿਹਾ ਕਿ ਸਿੱਧੇ ਕਰ ਸੁਧਾਰਾਂ ਨੇ ਵੀ ਆਮ ਆਦਮੀ ਦੀ ਜੇਬ 'ਚ ਵਾਧੂ ਪੈਸਾ ਪਹੁੰਚਾਇਆ ਹੈ, ਜਿਸ ਤਹਿਤ 12 ਲੱਖ ਰੁਪਏ ਕਮਾਉਣ ਵਾਲੇ ਹੁਣ ਲਗਭਗ 1.75 ਲੱਖ ਤੱਕ ਦੀ ਬਚਤ ਕਰ ਸਕਣਗੇ | 18 ਲੱਖ ਰੁਪਏ ਦੀ ਆਮਦਨ ਵਾਲੇ ਲੋਕਾਂ ਨੂੰ 70 ਹਜ਼ਾਰ ਦੀ ਰਾਹਤ ਮਿਲੇਗੀ ਤੇ 25 ਲੱਖ ਰੁਪਏ ਦੀ ਆਮਦਨ ਵਾਲੇ ਲੋਕਾਂ ਨੂੰ 1.10 ਲੱਖ ਦੀ ਰਾਹਤ ਮਿਲੇਗੀ | ਪੈਨਸ਼ਨ ਧਾਰਕਾਂ ਨੂੰ ਵੀ ਬੱਚਤ 'ਤੇ ਮਿਲਣ ਵਾਲੀ ਛੋਟ 50 ਹਜ਼ਾਰ ਤੋਂ ਵਧ ਕੇ 1 ਲੱਖ ਰੁਪਏ ਕਰ ਦਿੱਤੀ ਗਈ ਹੈ |