15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਸੰਗੀਤ ਸਮਰਾਟ ਚਰਨਜੀਤ ਆਹੂਜਾ ਨਹੀਂ ਰਹੇ

ਅਜੀਤ ਡੈਸਕ 22-09-2025

• ਅੰਤਿਮ ਸੰਸਕਾਰ ਮੁਹਾਲੀ ਵਿਖੇ ਅੱਜ
• ਸੰਗੀਤਕ ਤੇ ਫ਼ਿਲਮ ਖੇਤਰ 'ਚ ਸੋਗ ਦੀ ਲਹਿਰ

ਚੰਡੀਗੜ੍ਹ, 21 ਸਤੰਬਰ (ਅਜਾਇਬ ਸਿੰਘ ਔਜਲਾ)-ਸੰਗੀਤ ਤੇ ਫ਼ਿਲਮੀ ਦੁਨੀਆ ਦੇ ਖੇਤਰ 'ਚ ਸੰਗੀਤ ਸਮਰਾਟ ਵਜੋਂ ਜਾਣੇ ਜਾਂਦੇ ਪ੍ਰਸਿੱਧ ਸੰਗੀਤਕਾਰ ਤੇ ਨਿਰਮਾਤਾ ਚਰਨਜੀਤ ਅਹੂਜਾ (70) ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ | ਚਰਨਜੀਤ ਆਹੂਜਾ ਅਜਿਹੀ ਸ਼ਖ਼ਸੀਅਤ ਸਨ, ਜਿਨ੍ਹਾਂ ਪੁਰਾਣੇ ਗਾਇਕਾਂ ਤੋਂ ਲੈ ਕੇ ਨਵੇਂ ਗਾਇਕਾਂ ਦੇ ਗੀਤਾਂ ਨੂੰ ਸੰਗੀਤਬੱਧ ਕੀਤਾ | ਆਪਣੇ ਤਕਰੀਬਨ 40 ਸਾਲ ਦੇ ਸੰਗੀਤਕ ਸਫ਼ਰ ਵਿਚ ਉਨ੍ਹਾਂ ਨੂੰ ਇਹ ਮਾਣ ਹਾਸਿਲ ਹੋਇਆ ਕਿ ਪੱਥਰ ਦੇ ਤਵਿਆਂ ਦੇ ਯੁੱਗ ਤੋਂ ਲੈ ਕੇ ਡਿਜੀਟਲ ਯੁੱਗ ਤੱਕ ਆਪਣੇ ਮਨਮੋਹਕ ਸੰਗੀਤ ਨਾਲ ਦੇਸ਼ ਵਿਦੇਸ਼ 'ਚ ਆਪਣਾ ਸਿੱਕਾ ਜਮਾਇਆ | ਜ਼ਿਕਰਯੋਗ ਹੈ ਕਿ ਚਰਨਜੀਤ ਆਹੂਜਾ ਪਿਛਲੇ ਸਮੇਂ ਕੈਂਸਰ ਦੀ ਬਿਮਾਰੀ ਨਾਲ ਪੀੜਤ ਰਹੇ, ਪਰ ਕਾਫ਼ੀ ਸਾਲ ਪਹਿਲਾਂ ਉਨ੍ਹਾਂ ਇਸ ਬਿਮਾਰੀ 'ਤੇ ਕਾਬੂ ਪਾ ਲਿਆ ਸੀ, ਪਰ ਫਿਰ ਪਿਛਲੇ 3-4 ਸਾਲਾਂ ਤੋਂ ਕੈਂਸਰ ਦੇ ਸ਼ਿਕਾਰ ਹੋ ਗਏ | ਹੁਣ ਉਹ ਲੀਵਰ ਤੇ ਗੁਰਦਿਆਂ ਦੀ ਬਿਮਾਰੀ ਨਾਲ ਜੂਝ ਰਹੇ ਸਨ | ਚਰਨਜੀਤ ਆਹੂਜਾ ਨੇ ਵਧੇਰੇ ਸਮਾਂ ਦਿੱਲੀ ਰਹਿੰਦਿਆਂ ਆਪਣੇ ਸੰਗੀਤਕ ਸਟੂਡੀਓ ਨੂੰ ਚਲਾਇਆ, ਪਰ ਕੋਰੋਨਾ ਕਾਲ ਤੋਂ ਬਾਅਦ ਉਹ ਚੰਡੀਗੜ੍ਹ ਨੇੜਲੇ ਸ਼ਹਿਰ ਮੁਹਾਲੀ ਵਿਖੇ ਆ ਵਸੇ | ਚਰਨਜੀਤ ਅਹੂਜਾ ਆਪਣੇ 4 ਬੇਟੇ ਸਚਿਨ ਆਹੂਜਾ, ਪੰਕਜ ਆਹੂਜਾ, ਲਵ ਆਹੂਜਾ, ਕੁਸ਼ ਆਹੂਜਾ (ਜੋ ਕਿ ਸੰਗੀਤਕ ਖੇਤਰ ਨਾਲ ਹੀ ਜੁੜੇ ਹੋਏ ਹਨ) ਤੇ ਪਤਨੀ ਸੰਗੀਤਾ ਆਹੂਜਾ ਸਮੇਤ ਮੁਹਾਲੀ ਵਿਖੇ ਰਹਿ ਰਹੇ ਸਨ | ਉਹ ਅਕਸਰ ਇਹ ਕਹਿੰਦੇ ਸਨ ਕਿ ਪੰਜਾਬ ਦੀ ਧਰਤੀ ਨਾਲ ਮੈਂ ਜੁੜਿਆ ਹੋਇਆ ਹਾਂ ਤੇ ਜਦ ਵੀ ਮੈਂ ਇਸ ਦੁਨੀਆ ਤੋਂ ਵਿਦਾ ਹੋਵਾਂ ਤਾਂ ਪੰਜਾਬ ਦੀ ਧਰਤੀ ਤੋਂ ਹੀ ਵਿਦਾ ਹੋਵਾਂ, ਜੋ ਇਹ ਗੱਲ ਉਨ੍ਹਾਂ ਸੱਚ ਵੀ ਕਰ ਦਿਖਾਈ | ਜ਼ਿਕਰਯੋਗ ਹੈ ਕਿ ਚਰਨਜੀਤ ਆਹੂਜਾ ਨੇ ਮਰਹੂਮ ਪ੍ਰਸਿੱਧ ਗਾਇਕ ਲਾਲ ਚੰਦ ਯਮਲਾ ਜੱਟ, ਚਾਂਦੀ ਰਾਮ ਚਾਂਦੀ ਤੋਂ ਇਲਾਵਾ ਗੁਰਦਾਸ ਮਾਨ, ਹੰਸ ਰਾਜ ਹੰਸ, ਹਰਭਜਨ ਮਾਨ, ਸਰਦੂਲ ਸਿਕੰਦਰ, ਸੁਰਿੰਦਰ ਛਿੰਦਾ, ਕੁਲਦੀਪ ਮਾਣਕ, ਦੀਦਾਰ ਸੰਧੂ, ਕਰਤਾਰ ਰਮਲਾ, ਜਸਬੀਰ ਜੱਸੀ, ਨਛੱਤਰ ਗਿੱਲ, ਫਿਰੋਜ਼ ਖ਼ਾਨ, ਗਾਇਕਾ ਕਮਲਜੀਤ ਨੀਰੂ, ਮੁਹੰਮਦ ਸਦੀਕ, ਪੰਮੀ ਬਾਈ, ਮਰਹੂਮ ਗਾਇਕ ਅਮਰ ਸਿੰਘ ਚਮਕੀਲਾ, ਅਮਨਜੋਤ ਕੌਰ ਤੋਂ ਇਲਾਵਾ ਸਤਵਿੰਦਰ ਬੁੱਗਾ, ਰਣਜੀਤ ਬਾਵਾ, ਸਤਵਿੰਦਰ ਬਿੱਟੀ, ਗੁਲਸ਼ਨ ਕੋਮਲ ਆਦਿ ਸੈਂਕੜੇ ਕਲਾਕਾਰਾਂ ਦੇ ਗੀਤਾਂ ਨੂੰ ੂ ਆਪਣੇ ਸੰਗੀਤ 'ਚ ਪਰੋਇਆ | ਖਾਸ ਕਰਕੇ ਫ਼ਿਲਮ 'ਪੁੱਤ ਜੱਟਾਂ ਦੇ' ਵਿਚਲਾ ਇਹ ਗੀਤ .. ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ ਅੱਜ ਵੀ ਸਰੋਤਿਆਂ ਦੇ ਦਿਲਾਂ 'ਚ ਤਰੋ-ਤਾਜ਼ਾ ਹੈ | ਪੰਜਾਬੀ ਫ਼ਿਲਮ 'ਕੀ ਬਣੂੰ ਦੁਨੀਆ ਦਾ', 'ਗੱਭਰੂ ਪੰਜਾਬ ਦਾ', 'ਦੁਸ਼ਮਣੀ ਜੱਟਾਂ ਦੀ' ਆਦਿ ਦਰਜਨ ਦੇ ਕਰੀਬ ਫ਼ਿਲਮਾਂ 'ਚ ਚਰਨਜੀਤ ਆਹੂਜਾ ਦਾ ਸੰਗੀਤ ਗੂੰਜਿਆ ਹੈ | ਅਜੇ ਹਾਲ ਹੀ ਦੋ ਦਿਨ ਪਹਿਲਾਂ ਉਨ੍ਹਾਂ ਦਾ ਸੰਗੀਤਬੱਧ ਕੀਤਾ ਗੀਤ ਫ਼ਿਰੋਜ਼ ਖ਼ਾਨ ਦੀ ਆਵਾਜ਼ 'ਚ ਸਰੋਤਿਆਂ ਦੇ ਸਾਹਮਣੇ ਆਇਆ ਹੈ | ਜ਼ਿਕਰਯੋਗ ਹੈ ਕਿ ਐਚ.ਐਮ.ਵੀ. ਤੇ ਟੀ-ਸੀਰੀਜ਼ ਤੋਂ ਇਲਾਵਾ ਟਿੱਪਸ, ਸਾਗਾ ਮਿਊਜ਼ਿਕ ਬੈਂਕ, ਟੀ.ਪੀ.ਐਮ. ਤੇ ਅਨੇਕ ਕੰਪਨੀਆਂ ਨਾਲ ਜੁੜ ਕੇ ਨਵੇਂ ਉੱਭਰਦੇ ਗਾਇਕਾਂ ਨੂੰ ਵੀ ਸਾਹਮਣੇ ਲਿਆਉਣ ਦਾ ਵੱਡਾ ਉਪਰਾਲਾ ਕਰਨ ਦਾ ਸਿਹਰਾ ਵੀ ਚਰਨਜੀਤ ਆਹੂਜਾ ਨੂੰ ਜਾਂਦਾ ਹੈ | ਪਰਿਵਾਰਕ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਚਰਨਜੀਤ ਆਹੂਜਾ ਦਾ ਅੰਤਿਮ ਸੰਸਕਾਰ ਬਲੌਂਗੀ (ਮੁਹਾਲੀ) ਵਿਖੇ 22 ਸਤੰਬਰ ਨੂੰ ਬਾਅਦ ਦੁਪਹਿਰ 1 ਵਜੇ ਕੀਤਾ ਜਾਵੇਗਾ |

ਪਿਛਲੀ ਖ਼ਬਰ ਚੋਣ ਕਮਿਸ਼ਨ ਵਲੋਂ ਸੂਬਿਆਂ ਨੂੰ 30 ਸਤੰਬਰ ਤੱਕ ਐਸ.ਆਈ.ਆਰ. ਦੀ ਤਿਆਰੀ ਪੂਰੀ ਕਰਨ ਦੇ ਨਿਰਦੇਸ਼ ਅਗਲੀ ਖ਼ਬਰ ਜੀ.ਐਸ.ਟੀ. ਸੁਧਾਰ ਆਤਮਨਿਰਭਰ ਭਾਰਤ ਲਈ ਵੱਡਾ ਤੇ ਮਹੱਤਵਪੂਰਨ ਕਦਮ-ਮੋਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।