ਕੀ ਹੈ 1893 'ਚ ਖਿੱਚੀ ਗਈ ਡੁਰੰਡ ਲਾਈਨ ਦਾ ਮਾਮਲਾ?
ਸੁਰਿੰਦਰ ਕੋਛੜ
ਅੰਮਿ੍ਤਸਰ, 21 ਅਕਤੂਬਰ-ਪਾਕਿਸਤਾਨ ਤੇ ਅਫ਼ਗਾਨ ਤਾਲਿਬਾਨ ਵਿਚਕਾਰ ਕਈ ਦਿਨਾਂ ਦੀਆਂ ਝੜਪਾਂ ਤੋਂ ਬਾਅਦ ਭਾਵੇਂ ਕਿ ਦੋਵੇਂ ਧਿਰਾਂ ਕਤਰ ਤੇ ਤੁਰਕੀ ਦੀ ਵਿਚੋਲਗੀ ਹੇਠ ਰਾਜਧਾਨੀ ਦੋਹਾ 'ਚ 18 ਅਕਤੂਬਰ ਦੀ ਰਾਤ ਨੂੰ ਜੰਗਬੰਦੀ 'ਤੇ ਸਹਿਮਤ ਹੋ ਗਈਆਂ | ਅਫ਼ਗਾਨ ਤਾਲਿਬਾਨ ਦੇ ਰੱਖਿਆ ਮੰਤਰੀ ਮੁੱਲਾ ਮੁਹੰਮਦ ਯਾਕੂਬ ਮੁਜਾਹਿਦ ਨੇ ਕਿਹਾ ਹੈ ਕਿ ਦੋਹਾ 'ਚ ਹੋਈ ਮੀਟਿੰਗ 'ਚ ਸਥਿਤੀ ਨੂੰ ਆਮ ਬਣਾਉਣ ਅਤੇ ਦੋਵਾਂ ਧਿਰਾਂ ਵਿਚਕਾਰ ਲੋਕਾਂ ਵਿਚਾਲੇ ਆਪਸੀ ਸੰਪਰਕ ਅਤੇ ਵਪਾਰ ਨੂੰ ਆਮ ਬਣਾਉਣ ਦੀ ਜ਼ਰੂਰਤ 'ਤੇ ਚਰਚਾ ਕੀਤੀ ਗਈ | ਇਸ ਗੱਲਬਾਤ ਦੌਰਾਨ ਪਾਕਿ ਨੇ ਇਹ ਵੀ ਮੰਗ ਕੀਤੀ ਕਿ ਅਫ਼ਗਾਨ ਤਾਲਿਬਾਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਸਮੂਹ ਵਿਰੁੱਧ ਕਾਰਵਾਈ ਕਰਨ | ਜਾਣਕਾਰਾਂ ਦਾ ਮੰਨਣਾ ਹੈ ਕਿ ਤਾਲਿਬਾਨ ਲਈ ਇਹ ਆਸਾਨ ਨਹੀਂ ਹੋਵੇਗਾ, ਕਿਉਂਕਿ ਅਫ਼ਗਾਨ ਤਾਲਿਬਾਨ ਅਤੇ ਟੀ. ਟੀ. ਪੀ. ਦੋਵਾਂ ਵਿਚਕਾਰ ਇਕ ਵਿਚਾਰਧਾਰਕ ਸੰਬੰਧ ਹੈ ਤੇ ਟੀ. ਟੀ. ਪੀ. ਨੇ ਅਮਰੀਕਾ ਨਾਲ ਲੜਾਈ ਦੌਰਾਨ ਤਾਲਿਬਾਨ ਦੀ ਕਾਫ਼ੀ ਮਦਦ ਵੀ ਕੀਤੀ ਸੀ | ਪਾਕਿਸਤਾਨੀ ਤੇ ਅਫ਼ਗਾਨ ਅਧਿਕਾਰੀਆਂ ਦੇ ਅਨੁਸਾਰ ਦੋਵਾਂ ਰਾਜਾਂ ਵਿਚਕਾਰ ਹੋਏ ਸਮਝੌਤੇ 'ਚ ਇਹ ਵੀ ਕਿਹਾ ਗਿਆ ਹੈ ਕਿ ਦੋਵੇਂ ਧਿਰਾਂ ਇਕ-ਦੂਜੇ ਦੇ ਖੇਤਰ ਨੂੰ ਅੱਤਵਾਦ ਲਈ ਵਰਤਣ ਦੀ ਇਜਾਜ਼ਤ ਨਹੀਂ ਦੇਣਗੀਆਂ | ਜਦਕਿ ਦੋਹਾ 'ਚ ਹੋਈ ਇਸ ਸ਼ਾਂਤੀ ਗੱਲਬਾਤ ਦੌਰਾਨ ਡੁਰੰਡ ਲਾਈਨ 'ਤੇ ਕੋਈ ਚਰਚਾ ਨਹੀਂ ਕੀਤੀ ਗਈ | ਹਾਲਾਂਕਿ, ਹਾਲ ਹੀ ਦੇ ਸਾਲਾਂ 'ਚ ਦੋਵਾਂ ਧਿਰਾਂ ਵਿਚਕਾਰ ਵਧੇਰੇਤਰ ਸਰਹੱਦੀ ਝੜਪਾਂ ਇਸੇ ਡੁਰੰਡ ਲਾਈਨ ਦੇ ਨਾਲ ਕੰਡਿਆਲੀ ਤਾਰ ਲਗਾਉਣ ਨੂੰ ਲੈ ਕੇ ਹੀ ਹੋਈਆਂ ਹਨ | ਦਰਅਸਲ, ਪਾਕਿ ਤੇ ਅਫ਼ਗਾਨਿਸਤਾਨ ਦੋਵੇਂ ਗੁਆਂਢੀ 2,000 ਕਿੱਲੋਮੀਟਰ ਤੋਂ ਵੱਧ ਦੀ ਸਰਹੱਦ ਸਾਂਝੀ ਕਰਦੇ ਹਨ, ਜਿਸ ਨੂੰ ਡੁਰੰਡ ਲਾਈਨ ਕਿਹਾ ਜਾਂਦਾ ਹੈ | ਬਿ੍ਟਿਸ਼ ਸਰਕਾਰ ਨੇ ਸੰਨ 1893 'ਚ ਅਫ਼ਗਾਨਿਸਤਾਨ ਨਾਲ 2,640 ਕਿੱਲੋਮੀਟਰ ਲੰਬੀ ਸਰਹੱਦ ਬਣਾਈ ਸੀ, ਤਾਂ ਜੋ ਉਸ ਸਮੇਂ ਭਾਰਤ ਦੇ ਉੱਤਰ-ਪੱਛਮੀ ਹਿੱਸਿਆਂ 'ਤੇ ਨਿਯੰਤਰਨ ਮਜ਼ਬੂਤ ਕੀਤਾ ਜਾ ਸਕੇ | ਇਹ ਸਮਝੌਤਾ ਕਾਬੁਲ 'ਚ ਬਿ੍ਟਿਸ਼ ਭਾਰਤ ਦੇ ਤਤਕਾਲੀ ਵਿਦੇਸ਼ ਸਕੱਤਰ ਸਰ ਮੋਰਟੀਮਰ ਡੁਰੰਡ ਤੇ ਅਮੀਰ ਅਬਦੁਰ ਰਹਿਮਾਨ ਖ਼ਾਨ ਵਿਚਕਾਰ ਹੋਇਆ ਸੀ | ਹਾਲਾਂਕਿ, ਇਸ ਬਸਤੀਵਾਦੀ ਯੁੱਗ ਦੀ ਸਰਹੱਦ ਨੂੰ ਅਫ਼ਗਾਨਿਸਤਾਨ ਨੇ ਕਦੇ ਵੀ ਆਪਣੇ ਭਾਵਨਾਤਮਕ ਅਤੇ ਇਤਿਹਾਸਕ ਸੰਬੰਧ ਕਾਰਨ ਰਸਮੀ ਤੌਰ 'ਤੇ ਮਾਨਤਾ ਨਹੀਂ ਦਿੱਤੀ | ਆਪਣੀ ਸ਼ੁਰੂਆਤ ਤੋਂ ਹੀ ਕਾਬੁਲ 'ਤੇ ਰਾਜ ਕਰਨ ਵਾਲੀ ਹਰ ਸਰਕਾਰ ਨੇ ਬਿ੍ਟਿਸ਼ ਸ਼ਾਸਨ ਦੌਰਾਨ ਖਿੱਚੀ ਗਈ ਡੁਰੰਡ ਲਾਈਨ ਨੂੰ ਸਵੀਕਾਰ ਕਰਨ ਤੋਂ ਇਨਕਾਰ ਕੀਤਾ ਹੈ | ਸੰਨ 1923 'ਚ ਰਾਜਾ ਅਮਾਨਉੱਲਾ ਦੇ ਰਾਜ ਤੋਂ ਲੈ ਕੇ ਮੌਜੂਦਾ ਤਾਲਿਬਾਨ ਸਰਕਾਰ ਤੱਕ ਡੁਰੰਡ ਲਾਈਨ ਨੂੰ ਲੈ ਕੇ ਸਭ ਦੀ ਇਹੋ ਧਾਰਨਾ ਹੈ | ਹਾਲਾਂਕਿ, ਪਾਕਿ ਇਸ ਨੂੰ ਡੁਰੰਡ ਲਾਈਨ ਨਹੀਂ ਕਹਿੰਦਾ ਹੈ, ਸਗੋਂ ਇਸ ਨੂੰ ਇਕ ਕੌਮਾਂਤਰੀ ਸਰਹੱਦ ਮੰਨਦਾ ਹੈ | ਪਾਕਿ ਦਾ ਦਾਅਵਾ ਹੈ ਕਿ ਇਸ ਸਰਹੱਦ ਨੂੰ ਕੌਮਾਂਤਰੀ ਪੱਧਰ 'ਤੇ ਮਾਨਤਾ ਪ੍ਰਾਪਤ ਹੈ | ਦੱਸਣਯੋਗ ਹੈ ਕਿ ਪਾਕਿ ਅਤੇ ਅਫ਼ਗਾਨ ਫ਼ੌਜ ਵਿਚਾਲੇ ਹੋਈਆਂ ਤਾਜ਼ਾ ਝੜਪਾਂ ਬਾਰੇ ਪਾਕਿਸਤਾਨ ਫ਼ੌਜ ਦੇ ਮੀਡੀਆ ਵਿੰਗ ਆਈ. ਐੱਸ. ਪੀ. ਆਰ. ਨੇ ਇਕ ਬਿਆਨ 'ਚ ਦਾਅਵਾ ਕੀਤਾ ਕਿ ਝੜਪਾਂ 'ਚ 200 ਤੋਂ ਵੱਧ ਤਾਲਿਬਾਨ ਮਾਰੇ ਗਏ ਅਤੇ 23 ਪਾਕਿਸਤਾਨੀਆਂ ਦੀ ਮੌਤ ਹੋਈ | ਦੂਜੇ ਪਾਸੇ, ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਇਸ ਲੜਾਈ ਨੂੰ ਪਾਕਿ ਵਿਰੁੱਧ ਜਵਾਬੀ ਹਮਲਾ ਦੱਸਦਿਆਂ ਦਾਅਵਾ ਕੀਤਾ ਕਿ ਕਾਰਵਾਈ 'ਚ 58 ਪਾਕਿਸਤਾਨੀ ਸੈਨਿਕ ਮਾਰੇ ਗਏ ਅਤੇ 30 ਤੋਂ ਵੱਧ ਜ਼ਖ਼ਮੀ ਹੋਏ |
ਡੁਰੰਡ ਲਾਈਨ ਦੇ ਹੱਲ ਤੋਂ ਬਿਨਾਂ ਪਾਕਿ ਤੇ ਅਫ਼ਗਾਨ ਤਾਲਿਬਾਨ ਵਿਚਕਾਰ ਜੰਗਬੰਦੀ ਸੰਭਵ ਨਹੀਂ
ਅਜੀਤ ਡੈਸਕ
22-10-2025