ਨਵੀਂ ਦਿੱਲੀ, 22 ਅਕਤੂਬਰ (ਪੀ.ਟੀ.ਆਈ.)-ਉਲੰਪਿਕ ਸੋਨ ਤਗਮਾ ਜੇਤੂ ਨੇਜੇਬਾਜ਼ ਨੀਰਜ ਚੋਪੜਾ ਨੂੰ ਲੈਫਟੀਨੈਂਟ ਕਰਨਲ ਦਾ ਦਰਜਾ ਦਿੱਤਾ ਗਿਆ | ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉਨ੍ਹਾਂ ਨੂੰ ਦਿ੍ੜ੍ਹਤਾ ਤੇ ਰਾਸ਼ਟਰੀ ਮਾਣ ਦਾ ਪ੍ਰਤੀਕ ਦੱਸਿਆ | ਰਾਜਨਾਥ ਸਿੰਘ ਨੇ ਨਵੀਂ ਦਿੱਲੀ ਵਿਚ ਇੱਕ ਸਮਾਰੋਹ ਵਿਚ ਟੈਰੀਟੋਰੀਅਲ ਆਰਮੀ ਵਿਚ ਸੇਵਾ ਨਿਭਾਅ ਰਹੇ ਸਟਾਰ ਨੇਜੇਬਾਜ਼ ਨੂੰ ਲੈਫਟੀਨੈਂਟ ਕਰਨਲ ਦੇ ਆਨਰੇਰੀ ਰੈਂਕ ਦਾ ਚਿੰਨ੍ਹ ਪ੍ਰਦਾਨ ਕੀਤਾ, ਜਿਸ ਵਿਚ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਅਤੇ ਫੋਰਸ ਦੇ ਕਈ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਿਲ ਹੋਏ | ਚੋਪੜਾ 26 ਅਗਸਤ, 2016 ਨੂੰ ਭਾਰਤੀ ਫੌਜ ਵਿਚ ਨਾਇਬ ਸੂਬੇਦਾਰ ਵਜੋਂ ਸ਼ਾਮਿਲ ਹੋਏ ਤੇ 2021 ਵਿਚ ਸੂਬੇਦਾਰ ਅਤੇ 2022 ਵਿਚ ਸੂਬੇਦਾਰ ਮੇਜਰ ਵਜੋਂ ਤਰੱਕੀ ਦਿੱਤੀ ਗਈ | 24 ਦਸੰਬਰ, 1997 ਨੂੰ ਹਰਿਆਣਾ ਦੇ ਪਾਣੀਪਤ ਦੇ ਖੰਡਰਾ ਪਿੰਡ ਵਿਚ ਜਨਮੇ, ਉਨ੍ਹਾਂ ਨੇ ਟੋਕੀਓ ਉਲੰਪਿਕ 2020 ਵਿਚ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਮੁਕਾਬਲੇ ਵਿਚ ਅਥਲੈਟਿਕਸ ਵਿਚ ਭਾਰਤ ਦਾ ਪਹਿਲਾ ਉਲੰਪਿਕ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ | ਚੋਪੜਾ ਨੇ 2024 ਵਿਚ ਪੈਰਿਸ ਉਲੰਪਿਕ ਵਿਚ ਚਾਂਦੀ ਦਾ ਤਗਮਾ ਤੇ 2023 ਵਿਚ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤ ਕੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ | ਉਨ੍ਹਾਂ ਨੇ ਏਸ਼ੀਅਨ ਖੇਡਾਂ, ਰਾਸ਼ਟਰਮੰਡਲ ਖੇਡਾਂ ਤੇ ਡਾਇਮੰਡ ਲੀਗ ਮੁਕਾਬਲਿਆਂ ਵਿਚ ਵੀ ਕਈ ਸੋਨ ਤਗਮੇ ਹਾਸਲ ਕੀਤੇ ਹਨ | 90.23 ਮੀਟਰ (2025) ਦਾ ਉਨ੍ਹਾਂ ਦਾ ਨਿੱਜੀ ਸਰਬੋਤਮ ਥ੍ਰੋਅ ਭਾਰਤੀ ਖੇਡ ਇਤਿਹਾਸ ਵਿਚ ਇੱਕ ਮੀਲ ਪੱਥਰ ਹੈ | ਚੋਪੜਾ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦੇ ਹੋਏ, ਰੱਖਿਆ ਮੰਤਰੀ ਸਿੰਘ ਨੇ ਉਨ੍ਹਾਂ ਨੂੰ ਦਿ੍ੜਤਾ, ਦੇਸ਼ ਭਗਤੀ ਤੇ ਉੱਤਮਤਾ ਲਈ ਯਤਨਸ਼ੀਲ ਭਾਰਤੀ ਭਾਵਨਾ ਦਾ ਪ੍ਰਤੀਕ ਦੱਸਿਆ |