• ਨਗਰ ਕੀਰਤਨ ਤੇ ਦੀਪਮਾਲਾ ਅੱਜ • ਖਿੱਤੇ ਦੀ ਕਾਮਯਾਬੀ ਤੇ ਭਲਾ ਇਸ 'ਚ ਹੈ ਕਿ ਭਾਰਤ-ਪਾਕਿ 'ਚ ਅਮਨ ਸ਼ਾਂਤੀ ਹੋਵੇ-ਜਥੇਦਾਰ ਗੜਗੱਜ
ਜਸਵੰਤ ਸਿੰਘ ਜੱਸ
ਨਨਕਾਣਾ ਸਾਹਿਬ (ਪਾਕਿਸਤਾਨ), 4 ਨਵੰਬਰ-ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਭਾਰਤ ਸਮੇਤ ਵੱਖ-ਵੱਖ ਮੁਲਕਾਂ ਤੋਂ ਵੱਡੀ ਗਿਣਤੀ 'ਚ ਸ਼ਰਧਾਲੂ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਪੁੱਜ ਗਏ ਹਨ | ਸਿੱਖ ਸ਼ਰਧਾਲੂਆਂ ਨਾਲ ਪਾਕਿਸਤਾਨ ਪੁੱਜੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਵਾਹਗਾ ਸਰਹੱਦ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਖਿੱਤੇ ਦੀ ਕਾਮਯਾਬੀ ਤੇ ਭਲਾ ਇਸੇ 'ਚ ਹੈ ਕਿ ਭਾਰਤ ਤੇ ਪਾਕਿਸਤਾਨ 'ਚ ਅਮਨ ਸ਼ਾਂਤੀ ਹੋਵੇ | ਉਨ੍ਹਾਂ ਕਿਹਾ ਕਿ ਜਿਵੇਂ ਭਾਰਤ ਤੋਂ ਸਿੱਖ ਸ਼ਰਧਾਲੂ ਸਾਲ 'ਚ ਚਾਰ ਵਾਰ ਗੁਰਧਾਮ ਦਰਸ਼ਨਾਂ ਲਈ ਪਾਕਿਸਤਾਨ ਆਉਂਦੇ ਹਨ ਉਸੇ ਤਰ੍ਹਾਂ ਪਾਕਿਸਤਾਨ ਵੱਸਦੇ ਸਿੱਖਾਂ ਨੂੰ ਵੀ ਭਾਰਤ 'ਚ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਗੁਰਧਾਮਾਂ ਦੇ ਦਰਸ਼ਨਾਂ ਲਈ ਆਸਾਨੀ ਨਾਲ ਵੀਜ਼ੇ ਦਿੱਤੇ ਜਾਣੇ ਚਾਹੀਦੇ ਹਨ |
ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਅਲੌਕਿਕ ਦੀਪਮਾਲਾ
ਗੁਰਦੁਆਰਾ ਜਨਮ ਅਸਥਾਨ ਸਾਹਿਬ ਵਿਖੇ ਕੀਤੀ ਅਲੌਕਿਕ ਦੀਪਮਾਲਾ ਤੇ ਰੰਗ ਬਿਰੰਗੀਆਂ ਰੌਸ਼ਨੀਆਂ ਸ਼ਰਧਾਲੂਆਂ ਦਾ ਮਨ ਮੋਹ ਰਹੀਆਂ ਹਨ | 5 ਨਵੰਬਰ ਦਿਨ ਬੁੱਧਵਾਰ ਨੂੰ ਪ੍ਰਕਾਸ਼ ਪੁਰਬ ਵਾਲੇ ਦਿਨ ਸਵੇਰੇ 9 ਵਜੇ ਗੁ: ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਗੁਰਮਤਿ ਸਮਾਗਮ ਸਜਾਇਆ ਜਾਵੇਗਾ, ਜਿਸ 'ਚ ਜਥੇਦਾਰ ਗੜਗੱਜ ਤੋਂ ਇਲਾਵਾ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼, ਪਾਕਿ ਗੁ: ਕਮੇਟੀ ਦੇ ਪ੍ਰਧਾਨ ਤੇ ਮੰਤਰੀ ਰਮੇਸ਼ ਸਿੰਘ ਅਰੋੜਾ ਸਮੇਤ ਔਕਾਫ ਬੋਰਡ ਦੇ ਹੋਰ ਸੀਨੀਅਰ ਅਧਿਕਾਰੀ ਸ਼ਿਰਕਤ ਕਰਨਗੇ | ਪ੍ਰਕਾਸ਼ ਪੁਰਬ ਮੌਕੇ ਕੱਲ 5 ਨਵੰਬਰ ਨੂੰ ਹੀ ਗੁ: ਸ੍ਰੀ ਨਨਕਾਣਾ ਸਾਹਿਬ ਤੋਂ ਦੁਪਹਿਰ 12 ਵਜੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ, ਜਿਸ 'ਚ ਕਰੀਬ 2 ਕਿਲੋਮੀਟਰ ਦੇ ਰਸਤੇ 'ਚ ਸੜਕ ਤੇ ਲਾਲ ਰੰਗ ਦਾ ਕਾਰਪੈਟ ਵਿਛਾਇਆ ਜਾਵੇਗਾ | ਇਹ ਨਗਰ ਕੀਰਤਨ ਨਨਕਾਣਾ ਸਾਹਿਬ ਦੇ ਵੱਖ-ਵੱਖ ਗੁਰਦੁਆਰਿਆਂ ਦੀ ਪਰਿਕਰਮਾ ਕਰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਪੁੱਜ ਕੇ ਸੰਪੂਰਨ ਹੋਵੇਗਾ | ਕੱਲ੍ਹ ਪ੍ਰਕਾਸ਼ ਪੁਰਬ ਮੌਕੇ ਰਵਾਇਤ ਅਨੁਸਾਰ ਦੇਰ ਰਾਤ ਨੂੰ ਗੁਰਮਤਿ ਦੀਵਾਨ ਸੱਜਣਗੇ ਤੇ ਅੱਧੀ ਰਾਤ ਨੂੰ 1 ਵਜੇ ਗੁ: ਜਨਮ ਅਸਥਾਨ ਸਾਹਿਬ ਵਿਖੇ ਆਤਿਸ਼ਬਾਜੀ ਹੋਵੇਗੀ |
ਪ੍ਰਕਾਸ਼ ਪੁਰਬ ਮਨਾਉਣ ਲਈ ਭਾਰਤ ਸਮੇਤ ਵਿਦੇਸ਼ਾਂ ਤੋਂ ਨਨਕਾਣਾ ਸਾਹਿਬ ਪੁੱਜੇ ਹਜ਼ਾਰਾਂ ਸ਼ਰਧਾਲੂ
ਅਜੀਤ ਡੈਸਕ
05-11-2025