ਨਵੀਂ ਦਿੱਲੀ, 4 ਨਵੰਬਰ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਕਿਹਾ ਕਿ 'ਪੋਕਸੋ' (ਜਿਨਸੀ ਅਪਰਾਧ ਤੋਂ ਬੱਚਿਆਂ ਦੇ ਬਚਾਅ ਸਬੰਧੀ) ਐਕਟ ਦੀ ਵਰਤੋਂ, ਵਿਆਹੁਤਾ ਵਿਵਾਦਾਂ ਤੇ ਕਿਸ਼ੋਰਾਂ (13 ਤੋਂ 19 ਸਾਲ ਦੇ ਬੱਚੇ-ਬੱਚੀਆਂ) ਵਿਚਕਾਰ ਸਹਿਮਤੀ ਵਾਲੇ ਸੰਬੰਧਾਂ ਨਾਲ ਜੁੜੇ ਮਾਮਲਿਆਂ 'ਚ ਦੁਰਵਰਤੋਂ ਦੇ ਰੂਪ 'ਚ ਹੋ ਰਹੀ ਹੈ | ਅਦਾਲਤ ਨੇ ਇਸ ਐਕਟ ਦੇ ਉਪਬੰਧਾਂ ਬਾਰੇ ਮਰਦਾਂ ਤੇ ਲੜਕਿਆਂ 'ਚ ਜਾਗਰੂਕਤਾ ਪੈਦਾ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ | ਜਸਟਿਸ ਬੀ.ਵੀ. ਨਾਗਰਤਨਾ ਤੇ ਆਰ. ਮਹਾਦੇਵਨ ਦੀ ਬੈਂਚ ਨੇ ਇਕ ਜਨਹਿਤ ਪਟੀਸ਼ਨ ਦੀ ਸੁਣਵਾਈ ਕੀਤੀ ਜਿਸ ਵਿਚ ਲੋਕਾਂ ਨੂੰ ਜਬਰ ਜਨਾਹ ਨਾਲ ਸਬੰਧਿਤ ਦੰਡਕਾਰੀ ਵਿਵਸਥਾ ਤੇ 'ਪੋਕਸੋ' ਐਕਟ ਦੇ ਬਾਰੇ 'ਚ ਲੋਕਾਂ ਨੂੰ ਸੰਵੇਦਨਸ਼ੀਲ ਬਣਾਉਣ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ, ਤਾਂ ਜੋ ਦੇਸ਼ ਨੂੰ ਔਰਤਾਂ ਤੇ ਕੁੜੀਆਂ ਲਈ ਜ਼ਿਆਦਾ ਸੁਰੱਖਿਅਤ ਬਣਾਇਆ ਜਾ ਸਕੇ |