ਟਾਂਡਾ ਉੜਮੁੜ, 21 ਜੂਨ (ਕੁਲਬੀਰ ਸਿੰਘ ਗੁਰਾਇਆ)-ਸ਼ਾਈਨਿੰਗ ਸਟਾਰ ਸਪੋਰਟਸ ਕਲੱਬ ਟਾਂਡਾ ਵਲੋਂ ਸਲਾਨਾ ਕਿ੍ਕੇਟ ਟੂਰਨਾਮੈਂਟ 27 ਤੋਂ 29 ਜੂਨ ਤੱਕ ਕਰਵਾਇਆ ਜਾਵੇਗਾ | ਇਸ ਸੰਬੰਧੀ ਕਲੱਬ ਮੈਂਬਰਾਂ ਨੇ ਪੋਸਟਰ ਜਾਰੀ ਕੀਤਾ | ਇਸ ਦੌਰਾਨ ਪ੍ਰਧਾਨ ਪਵਨ ਮਾਨ, ਡਾ. ਪੰਜਾਬ ਸਿੰਘ, ਜਤਿੰਦਰਪਾਲ ਜੇ. ਪੀ. ਅਰੁਣ ਨੇ ਦੱਸਿਆ ਕਿ ਸਕੂਲ ਆਫ਼ ਐਮੀਨੈਂਸ ਦੀ ਗਰਾਊਾਡ ਵਿਚ ਸਵਰਗਵਾਸੀ ਜਗਮੀਤ ਸਿੰਘ ਅਤੇ ਵਿਨੇ ਸੈਣੀ ਦੀ ਯਾਦ ਵਿਚ ਕਰਵਾਏ ਜਾਣ ਵਾਲੇ ਇਸ ਟੂਰਨਾਮੈਂਟ ਦਾ ਉਦਘਾਟਨ ਨਗਰ ਕੌਂਸਲ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ ਕਰਨਗੇ ਜਦਕਿ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਵਿਧਾਇਕ ਜਸਵੀਰ ਸਿੰਘ ਰਾਜਾ ਕਰਨਗੇ | ਉਨ੍ਹਾਂ ਦੱਸਿਆ ਕਿ ਜੇਤੂ ਟੀਮ ਨੂੰ 71 ਹਜ਼ਾਰ ਰੁਪਏ ਅਤੇ ਉਪ ਜੇਤੂ ਨੂੰ 41 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ | ਇਸੇ ਤਰ੍ਹਾਂ ਤੀਜੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ 31 ਸੌ ਰੁਪਏ ਅਤੇ ਚੌਥੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ 21 ਸੌ ਰੁਪਏ ਦੀ ਨਕਦ ਰਾਸ਼ੀ ਦਿੱਤੀ ਜਾਵੇਗੀ | ਬੈੱਸਟ ਬਾਲਰ ਅਤੇ ਬੈਟਸਮੈਨ ਨੂੰ 71-71 ਸੌ ਰੁਪਏ ਦਾ ਇਨਾਮ ਦਿੱਤਾ ਜਾਵੇਗਾ | ਟੂਰਨਾਮੈਂਟ ਦੇ ਬੈੱਸਟ ਪਲੇਅਰ ਨੂੰ ਐੱਲ. ਈ. ਡੀ. ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਵਿਚ ਵੱਖ-ਵੱਖ ਜ਼ਿਲਿ੍ਹਆਂ ਦੀਆਂ ਪਿੰਡ ਪੱਧਰ ਦੀਆਂ 32 ਟੀਮਾਂ ਭਾਗ ਲੈਣਗੀਆਂ |