ਹੁਸ਼ਿਆਰਪੁਰ, 31 ਅਗਸਤ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਹੜ੍ਹਾਂ ਕਰਕੇ ਹੁਸ਼ਿਆਰਪੁਰ ਸੰਸਦੀ ਹਲਕੇ 'ਚ ਹੋਏ ਨੁਕਸਾਨ ਨੂੰ ਧਿਆਨ ਵਿਚ ਰੱਖਦਿਆਂ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਐਮ.ਪੀ ਲੈਂਡ ਫ਼ੰਡ ਵਿਚੋਂ 50 ਲੱਖ ਰੁਪਏ ਹੁਸ਼ਿਆਰਪੁਰ ਪ੍ਰਸ਼ਾਸਨ ਨੂੰ ਜਾਰੀ ਕੀਤੇ ਹਨ | ਜ਼ਿਕਰਯੋਗ ਹੈ ਕਿ ਭਾਰੀ ਮੀਂਹ ਦੇ ਨਾਲ ਹੀ ਹਲਕੇ ਦੇ ਛੋਟੇ ਡੈਮਾਂ ਵਿਚ ਆਏ ਵਾਧੂ ਪਾਣੀ ਕਾਰਨ ਮੁਕੇਰੀਆਂ, ਟਾਂਡਾ, ਚੱਬੇਵਾਲ, ਹੁਸ਼ਿਆਰਪੁਰ ਅਤੇ ਹਰਗੋਬਿੰਦਪੁਰ ਦੇ ਬਹੁਤ ਸਾਰੇ ਖੇਤਰ ਹੜ੍ਹਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ | ਡਾ. ਰਾਜ ਨੇ ਇਹ ਚੈਕ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੂੰ ਭੇਂਟ ਕੀਤਾ | ਇਸ ਫ਼ੰਡ ਦਾ ਇਕ ਵੱਡਾ ਹਿੱਸਾ ਮੁਕੇਰੀਆਂ ਵਿਧਾਨ ਸਭਾ ਹਲਕੇ ਵਿਚ ਧੁੱਸੀ ਬੰਨ੍ਹ ਅਤੇ ਚੱਬੇਵਾਲ ਵਿਧਾਨ ਸਭਾ ਹਲਕੇ ਵਿਚ ਕੁੱਕੜਾਂ ਬੰਨ੍ਹ ਦੀ ਮਜ਼ਬੂਤੀ ਅਤੇ ਮੁਰੰਮਤ ਵੱਲ ਸੇਧਿਤ ਕੀਤਾ ਜਾਵੇਗਾ, ਜੋ ਹਾਲ ਹੀ ਵਿਚ ਆਏ ਹੜ੍ਹਾਂ ਦੌਰਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ | ਸਹਾਇਕ ਕਮਿਸ਼ਨਰ ਓਇਸ਼ੀ ਮੰਡਲ ਵੀ ਇਸ ਮੌਕੇ ਮੌਜੂਦ ਸਨ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਫੰਡ ਸੰਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਮੁਰੰਮਤ ਅਤੇ ਰਾਹਤ ਕਾਰਜਾਂ ਨੂੰ ਤੇਜ਼ ਕਰਨ ਵਿਚ ਉਨ੍ਹਾਂ ਦੀ ਮੱਦਦ ਕਰੇਗਾ | ਉਨ੍ਹਾਂ ਕਿਹਾ ਕਿ ਧੁੱਸੀ ਡੈਮ ਦੀ ਮੁਰੰਮਤ ਅਤੇ ਮਜ਼ਬੂਤੀ ਭਵਿੱਖ ਵਿਚ ਹੜ੍ਹਾਂ ਦੇ ਪ੍ਰਭਾਵ ਨੂੰ ਘਟਾਉਣ ਅਤੇ ਰਿਕਵਰੀ ਯਤਨਾਂ ਨੂੰ ਤੇਜ਼ ਕਰਨ ਵਿਚ ਮਦਦ ਕਰੇਗੀ |