ਗੜ੍ਹਸ਼ੰਕਰ, 16 ਅਕਤੂਬਰ (ਧਾਲੀਵਾਲ)-ਗੜ੍ਹਸ਼ੰਕਰ ਦੇ ਵਕੀਲ ਭਾਈਚਾਰੇ ਨੇ ਪੰਜਾਬ ਸਰਕਾਰ ਵਲੋਂ ਗੜ੍ਹਸ਼ੰਕਰ ਉਪ ਮੰਡਲ ਦੇ ਕਈ ਪਿੰਡਾਂ ਨੂੰ ਨਵੇਂ ਪ੍ਰਸਤਾਵਿਤ ਜ਼ਿਲ੍ਹੇ ਸ੍ਰੀ ਅਨੰਦਪੁਰ ਸਾਹਿਬ 'ਚ ਸ਼ਾਮਿਲ ਕਰਨ ਦੇ ਲਏ ਜਾਣ ਵਾਲੇ ਫੈਸਲੇ ਦਾ ਤਿੱਖਾ ਵਿਰੋਧ ਕੀਤਾ ਗਿਆ ਹੈ | ਬਾਰ ਐਸੋਸੀਏਸ਼ਨ ਵਲੋਂ ਪ੍ਰਧਾਨ ਐਡਵੋਕੇਟ ਰਾਜ ਕੁਮਾਰ ਭੱਟੀ ਦੀ ਅਗਵਾਈ ਹੇਠ ਸਮੂਹ ਮੈਂਬਰਾਂ ਨੇ ਐੱਸ. ਡੀ. ਐੱਮ. ਗੜ੍ਹਸ਼ੰਕਰ ਸੰਜੀਵ ਕੁਮਾਰ ਗੌੜ ਤੇ ਹਲਕਾ ਵਿਧਾਇਕ ਨੂੰ ਮੰਗ ਪੱਤਰ ਸੌਂਪਦੇ ਹੋਏ ਇਸ ਫੈਸਲੇ ਨੂੰ ਲੋਕਾਂ ਦੀਆਂ ਭਾਵਨਾਵਾਂ ਦੇ ਖਿਲਾਫ਼ ਹੈ ਅਤੇ ਇਸ ਨਾਲ ਪ੍ਰਸਾਸ਼ਨ ਤੌਰ 'ਤੇ ਗੜ੍ਹਸ਼ੰਕਰ ਉਪ ਮੰਡਲ ਨੂੰ ਨੁਕਸਾਨ ਹੋਣ ਦੀ ਗੱਲ ਕਰਦੇ ਹੋਏ ਅਜਿਹਾ ਫੈਸਲਾ ਨਾ ਲੈਣ ਦੀ ਮੰਗ ਕੀਤੀ | ਬਾਰ ਐਸੋਸੀਏਸ਼ਨ ਨੇ ਮੰਗ ਕੀਤੀ ਕਿ ਸਰਕਾਰ ਆਪਣੇ ਇਸ ਪ੍ਰਸਤਾਵਿਤ ਫੈਸਲੇ 'ਤੇ ਮੁੜ ਵਿਚਾਰ ਕਰਕੇ ਤੇ ਗੜ੍ਹਸ਼ੰਕਰ ਦੀ ਇਤਿਹਾਸਕ ਅਤੇ ਪ੍ਰਸਾਸ਼ਨਿਕ ਏਕਤਾ ਨੂੰ ਬਣਾਈ ਰੱਖੇ | ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਜੇਕਰ ਸਰਕਾਰ ਵਲੋਂ ਇਸ ਮਸਲੇ 'ਤੇ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਕਾਨੂੰਨੀ ਭਾਈਚਾਰਾ ਸਥਾਨਕ ਲੋਕਾਂ ਨੂੰ ਨਾਲ ਲੈ ਕੇ ਅਗਲੇ ਪੱਧਰ ਦੀ ਸਾਂਝੀ ਲੜਾਈ ਲੜਨ ਲਈ ਮਜ਼ਬੂਰ ਹੋਵੇਗਾ | ਉਨ੍ਹਾਂ ਕਿਹਾ ਕਿ ਉਹ ਜਨਹਿਤ ਅਤੇ ਗੜ੍ਹਸ਼ੰਕਰ ਉਪ ਮੰਡਲ ਦੀ ਭਲਾਈ ਲਈ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ | ਮੰਗ ਪੱਤਰ ਦੇਣ ਸਮੇਂ ਪ੍ਰਧਾਨ ਐਡਵੋਕੇਟ ਆਰ. ਕੇ. ਭੱਟੀ ਨਾਲ ਆਰ. ਐੱਸ. ਬੇਦੀ, ਅਮਰਿੰਦਰ ਸਿੰਘ ਭੁੱਲਰ, ਸੰਜੀਵ ਕੁਮਾਰ ਡੋਡ, ਸੰਜੀਵ ਕੁਮਾਰ ਕਾਲੀਆ, ਰਾਮ ਨਾਥ ਰੋਏ, ਹਰਵਿੰਦਰ ਪਾਲ, ਪੀ. ਕੇ. ਰੋਏ, ਐੱਨ. ਕੇ. ਭੱਟੀ, ਦੀਪਾਂਕਰ ਲੰਬ, ਨਰੇਸ਼ ਭੱਟੀ, ਸੱਤਪਾਲ, ਹਰਪ੍ਰੀਤ ਸਿੰਘ, ਜਸਪਿੰਦਰ ਸਿੰਘ, ਬਰਜਿੰਦਰ ਸਿੰਘ ਤੇ ਹੋਰ ਮੈਂਬਰ ਹਾਜ਼ਰ ਹੋਏ |