ਮੁਕੇਰੀਆਂ, 16 ਅਕਤੂਬਰ (ਰਾਮਗੜ੍ਹੀਆ)-ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਦੇ ਅਧੀਨ ਚੱਲ ਰਿਹਾ ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਦੀ ਪਿ੍ੰਸੀਪਲ ਡਾ. ਕਰਮਜੀਤ ਕੌਰ ਬਰਾੜ ਨੂੰ ਸੰਸਥਾ ਦੀ ਸਮਾਜਿਕ ਜ਼ਿੰਮੇਵਾਰੀ ਤੇ ਸੰਸਥਾ ਲਈ 'ਸਿੱਖਿਆ ਵਿਚ ਸਰਵਸ੍ਰੇਸ਼ਟ ਦਾ ਰਾਸ਼ਟਰੀ ਉਪਲਬਧੀ ਇਨਾਮ 2025' ਨਾਲ ਸਨਮਾਨਿਤ ਕੀਤਾ | ਇਹ ਸਨਮਾਨ ਲੁਧਿਆਣਾ ਸਥਿਤ ਸੀ. ਟੀ. ਯੂਨੀਵਰਸਿਟੀ ਵਿਖੇ ਕਰਵਾਏ 'ਫਰਸਟ ਨੈਸ਼ਨਲ ਅਚੀਵਰਜ਼ ਐਵਾਰਡ 2025' ਸਮਾਗਮ ਦੌਰਾਨ ਦਿੱਤਾ | ਸਮਾਗਮ 'ਚ ਖੇਤਰ ਭਰ ਤੋਂ 45 ਸੰਸਥਾਵਾਂ ਨੇ ਭਾਗ ਲਿਆ | ਸਮਾਗਮ ਦੌਰਾਨ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਪ੍ਰੋ. ਚਾਂਸਲਰ, ਪਿ੍ੰਸੀਪਲ ਤੇ ਵਿਸ਼ੇਸ਼ ਮਹਿਮਾਨਾਂ ਨੂੰ ਸਿੱਖਿਆ ਤੇ ਕਮਿਊਨਿਟੀ ਵਿਕਾਸ ਵਿਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਸਨਮਾਨਿਤ ਕੀਤਾ | ਸਮਾਗਮ ਦੀ ਮੁੱਖ ਮਹਿਮਾਨ ਵਿਧਾਇਕਾ ਸਰਬਜੀਤ ਕੌਰ ਮਾਨੂਕੇ (ਜਗਰਾਉਂ) ਨੇ ਇਨਾਮ ਜੇਤੂ ਸਾਰੇ ਭਾਗੀਦਾਰਾਂ ਨੂੰ ਉਨ੍ਹਾਂ ਦੀ ਸਮਰਪਣ ਭਾਵਨਾ ਤੇ ਉੱਤਮ ਕਾਰਜ ਲਈ ਦਿਲੋਂ ਵਧਾਈਆਂ ਦਿੱਤੀਆਂ | ਇਸ ਮੌਕੇ ਨੈਸ਼ਨਲ ਐਜੂਟਰੱਸਟ ਆਫ਼ ਇੰਡੀਆ (ਐਨ. ਈ. ਆਈ.) ਦੇ ਮੁੱਖ ਕਾਰਜਕਾਰੀ ਅਧਿਕਾਰੀ ਸਮਰੱਥ ਸ਼ਰਮਾ ਨੇ ਭਾਗ ਲੈ ਰਹੀਆਂ ਸਭ ਸੰਸਥਾਵਾਂ, ਵਾਈਸ ਚਾਂਸਲਰਾਂ, ਪਿ੍ੰਸੀਪਲਾਂ, ਫੈਕਲਟੀ ਮੈਂਬਰਾਂ ਦੇ ਅਕਾਦਮਿਕ ਯੋਗਦਾਨ, ਸਿੱਖਿਆ ਪ੍ਰਤੀ ਸਮਰਪਣ ਦੀ ਪ੍ਰਸ਼ੰਸਾ ਕੀਤੀ | ਸਮਾਰੋਹ ਨੇ ਸਿੱਖਿਆ ਦੇ ਖੇਤਰ 'ਚ ਲਗਾਤਾਰ ਸਰਵਸ੍ਰੇਸ਼ਟਤਾ ਵੱਲ ਇਕ ਪ੍ਰੇਰਣਾਦਾਇਕ ਸੰਦੇਸ਼ ਦਿੱਤਾ | ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਰਵਿੰਦਰ ਸਿੰਘ ਚੱਕ ਤੇ ਸਾਰੀ ਟਰੱਸਟ ਕਮੇਟੀ ਨੇ ਇਸ ਸ਼ਾਨਦਾਰ ਉਪਲਬਧੀ ਲਈ ਪਿ੍ੰਸੀਪਲ ਡਾ. ਕਰਮਜੀਤ ਕੌਰ ਬਰਾੜ ਤੇ ਸਾਰੇ ਸਟਾਫ਼ ਮੈਂਬਰਾਂ ਨੂੰ ਵਧਾਈ ਦਿੱਤੀ |