ਹੁਸ਼ਿਆਰਪੁਰ, 16 ਅਕਤੂਬਰ (ਹਰਪ੍ਰੀਤ ਕੌਰ)-ਸਿਵਲ ਹਸਪਤਾਲ ਦੇ ਅੰਦਰ ਕੈਂਸਰ ਹਸਪਤਾਲ ਦੀ ਬਲਡਿੰਗ ਉਸਾਰੀ ਦੇ ਸਾਰੀ ਤਰ੍ਹਾਂ ਦੇ ਸੇਫਟੀ ਨਿਯਮਾਂ ਨੂੰ ਛਿੱਕੇ ਟੰਗ ਕੇ ਕੀਤੇ ਜਾ ਰਹੇ ਕੰਮ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦਿਆਂ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਕਿਹਾ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਸਾਰਾ ਮਾਹੌਲ ਜ਼ਹਿਰੀਲੀ ਧੂੜ ਨਾਲ ਭਰਿਆ ਪਿਆ ਹੈ, ਜਿਸ ਦਾ ਅਸਰ ਡਾਕਟਰਾਂ ਦੀ ਸਿਹਤ ਅਤੇ ਉਥੇ ਦਾਖਲ ਮਰੀਜ਼ਾਂ ਤੇ ਹਸਪਤਾਲ ਅੰਦਰ ਕੰਮ ਕਰਨ ਵਾਲੇ ਸਟਾਫ ਦੀ ਸਿਹਤ 'ਤੇ ਪੈ ਰਿਹਾ ਹੈ | ਉਨ੍ਹਾਂ ਦਸਿਆ ਕਿ ਇਮਾਰਤ ਦੀ ਉਸਾਰੀ ਕਰਨੀ ਜ਼ਰੂਰੀ ਹੈ ਪਰ ਬਿਨ੍ਹਾਂ ਨਿਯਮਾਂ ਤੋਂ ਕੰਮ ਕਰਨਾ ਮਜ਼ਦੂਰਾਂ ਦੀ ਸਿਹਤ ਤੇ ਆਸ-ਪਾਸ ਹਸਪਤਾਲ ਦੀ ਸਿਹਤ ਵੀ ਸਭ ਤੋਂ ਪਹਿਲਾਂ ਜ਼ਰੂਰੀ ਹੈ | ਧੀਮਾਨ ਨੇ ਦੱਸਿਆ ਕਿ ਨਿਯਮਾਂ ਅਨੁਸਾਰ ਜਿਹੜਾ ਪ੍ਰਾਜੈਕਟ ਲੱਗ ਰਿਹਾ ਹੈ, ਉਸ ਸੰਬੰਧੀ ਸਾਰੀ ਜਾਣਕਾਰੀ ਜਿਸ 'ਚ ਬਿਲਡਿੰਗ ਦਾ ਨਕਸ਼ਾ, ਉਸ ਦੀ ਕੀਮਤ, ਕੰਮ ਕਰਨ ਵਾਲੀ ਏਜੰਸੀ ਦਾ ਨਾਂਅ ਤੇ ਸਰਕਾਰ ਦਾ ਨਾਂਅ ਤੇ ਵਿਭਾਗ, ਜਿਸ ਵਲੋਂ ਕੰਮ ਕਰਵਾਇਆ ਜਾ ਰਿਹਾ ਹੈ, ਉਸ ਦਾ ਪਤਾ ਸਭ ਕੁੱਝ ਦਰਸਾਉਂਦਾ ਕੰਮ ਵਾਲੀ ਥਾਂ 'ਤੇ ਬੋਰਡ ਲਗਾਉਣਾ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਇਹ ਸਭ ਕੁਝ ਸੇਫਟੀ ਨਿਯਮਾਂ ਦਾ ਹਿੱਸਾ ਹੈ ਤਾਂ ਕਿ ਕਿਸੇ ਵੀ ਮਜ਼ਦੂਰ ਦੇ ਸੱਟ ਨਾ ਲੱਗ ਸਕੇ | ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਕੰਮ ਕਰਨਾ ਗੈਰ ਕਾਨੂੰਨੀ ਹੈ | ਧੀਮਾਨ ਨੇ ਕਿਹਾ ਕਿ ਧੂੜ ਭਰਿਆ ਵਾਤਾਵਰਨ ਤੇ ਹਸਪਤਾਲ ਦਾ ਚੋਗਿਰਦਾ ਅਤਿ ਘਾਤਕ ਬਣਿਆ ਪਿਆ ਹੈ ਅਤੇ ਧੂੜ ਦਮਾ ਤੇ ਹੋਰ ਬੀਮਾਰੀਆਂ ਨੂੰ ਜਨਮ ਦਿੰਦੀ ਹੈ | ਉਨ੍ਹਾਂ ਕਿਹਾ ਕਿ ਜਿਹੜੀ ਵੀ ਏਜੰਸੀ ਉਥੇ ਕੰਮ ਕਰਦੀ ਹੈ, ਉਸ ਨੇ ਨਿਯਮਾਂ ਅਨੁਸਾਰ ਲੋਕਾਂ ਦੀ ਸੇਫਟੀ, ਮਜਦੂਰਾਂ ਦੀ ਸੁਰੱਖਿਅਤਾ ਤੇ ਵਾਤਾਵਰਨ ਨੂੰ ਮੁੱਖ ਰੱਖਦਿਆਂ ਕੰਮ ਕਰਨ ਦੀ ਸਰਕਾਰੀ ਵਿਧੀ ਦੇ ਬਣੇ ਨਿਯਮਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣੀ ਜ਼ਰੂਰੀ ਹੈ | ਧੀਮਾਨ ਨੇ ਦੱਸਿਆ ਕਿ ਇਹ ਮਾਮਲਾ ਸਿਵਲ ਸਰਜਨ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਧਿਆਨ ਹੇਠ ਵੀ ਲਿਆਂਦਾ ਗਿਆ ਹੈ |