ਹੁਸ਼ਿਆਰਪੁਰ, 16 ਅਕਤੂਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਹੁਸ਼ਿਆਰਪੁਰ ਦੇ ਕੰਪਿਊਟਰ ਅਧਿਆਪਕਾਂ ਵਲੋਂ ਡੀ. ਸੀਯ ਦਫ਼ਤਰ ਹੁਸ਼ਿਆਰਪੁਰ ਸਾਹਮਣੇ ਪੰਜਾਬ ਸਰਕਾਰ ਦਾ ਪੁਤਲਾ ਤੇ ਝੂਠੇ ਵਾਅਦਿਆਂ ਦੀ ਪੰਡ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਹੁਸ਼ਿਆਰਪੁਰ ਦੇ ਜ਼ਿਲ੍ਹਾ/ਸਟੇਟ ਕਮੇਟੀ ਮੈਂਬਰਾਂ ਵਿਸ਼ਾਲ ਬਿੰਨੀ, ਸ਼ੁਮਿੰਦਰ ਕੌਰ, ਰਘੁਬੀਰ ਸਿੰਘ, ਰਮਨ ਵਸ਼ਿਸ਼ਟ, ਸੁਮਨ ਸ਼ਰਮਾ, ਰਣਜੀਤ ਸਿੰਘ, ਨਰਿੰਦਰ ਸ਼ਰਮਾ, ਪਲਵਿੰਦਰ ਸਿੰਘ, ਨਰਿੰਦਰ ਗਿਲਜੀਆਂ, ਸੁਮਿਤ ਦੱਤਾ, ਨਰਿੰਦਰ ਸਿੰਘ ਸ਼ੇਰਗੜ੍ਹ , ਕਮਲ ਮਾਹੀ, ਜਤਿੰਦਰ ਸੇਠੀ,ਰਮਨ ਬਾਜਵਾ, ਰਵਿੰਦਰ ਕੁਮਾਰ, ਰਜਿੰਦਰ ਸਿੰਘ, ਗੁਰਦੀਪ ਚੰਦ, ਅਮਿਤ ਵਸ਼ਿਸ਼ਟ, ਅਜੇ ਸ਼ਰਮਾ ਤੇ ਭਰਾਤਰੀ ਜਥੇਬੰਦੀ ਡੀਟੀਐਫ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਡਾਂਸੀਵਾਲ ਤੇ ਮੈਂਬਰ ਇੰਦਰ ਸੁਖਦੀਪ ਸਿੰਘ, ਮੁਕੇਸ਼ ਕੁਮਾਰ, ਸੁਖਜਿੰਦਰ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ | ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੰਪਿਊਟਰ ਅਧਿਆਪਕਾਂ ਪ੍ਰਤੀ ਗੈਰ ਮਨੁੱਖੀ ਵਤੀਰਾ ਅਪਣਾਉਂਦੇ ਹੋਏ 14 ਅਕਤੂਬਰ ਨੂੰ ਹੋਣ ਵਾਲੀ ਸਬ ਕਮੇਟੀ ਦੀ ਮੀਟਿੰਗ ਨੂੰ ਇਕ ਵਾਰ ਫਿਰ ਤੋਂ ਰੱਦ ਕਰ ਦਿੱਤੀ ਗਈ ਹੈ | ਸਰਕਾਰ ਦੇ ਗੈਰ ਸੰਜੀਦਾ ਵਤੀਰੇ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਇਹ ਮੀਟਿੰਗ ਪਹਿਲਾਂ ਵੀ 6 ਵਾਰ ਪੋਸਟਫੋਨ ਕੀਤੀ ਜਾ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਇਕ-ਇਕ ਕਰਕੇ 109 ਕੰਪਿਊਟਰ ਅਧਿਆਪਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਦੇ ਪਰਿਵਾਰ ਤਰਸਯੋਗ ਹਾਲਾਤਾਂ 'ਚ ਸੰਤਾਪ ਭੋਗ ਰਹੇ ਹਨ | ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਤਰਨ ਤਾਰਨ ਜ਼ਿਮਨੀ ਚੋਣ ਤੋਂ ਪਹਿਲਾਂ ਉਨ੍ਹਾਂ 'ਤੇ ਛੇਵਾਂ ਪੇਅ ਕਮਿਸ਼ਨ ਤੇ ਪੰਜਾਬ ਸਿਵਲ ਸਰਵਿਸਜ ਨਿਯਮ ਪੂਰੀ ਤਰ੍ਹਾਂ ਲਾਗੂ ਨਹੀਂ ਕੀਤੇ ਗਏ ਅਤੇ ਡੈਥ ਕੇਸਾਂ ਸੰਬੰਧੀ ਕੋਈ ਯੋਗ ਪਾਲਿਸੀ ਨਹੀਂ ਬਣਾਈ ਗਈ ਤਾਂ ਉਹ ਜ਼ਿਮਨੀ ਚੋਣ ਦੌਰਾਨ ਤਰਨਤਾਰਨ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਘਰ ਦੇ ਬਾਹਰ 26 ਅਕਤੂਬਰ ਤੋਂ ਪੱਕੇ ਧਰਨੇ 'ਤੇ ਬੈਠਣ ਲਈ ਮਜ਼ਬੂਰ ਹੋਣਗੇ |