ਹਾਜੀਪੁਰ, 22 ਅਕਤੂਬਰ (ਜੋਗਿੰਦਰ ਸਿੰਘ)- ਸਰਕਾਰੀ ਪ੍ਰਾਇਮਰੀ ਸਕੂਲ ਗੋਇਵਾਲ ਵਿਖੇ ਦੀਵਾਲੀ ਦਾ ਤਿਉਹਾਰ ਬੜੇ ਧੂਮ-ਧਾਮ ਨਾਲ ਮਨਾਇਆ ਗਿਆ | ਸਕੂਲ ਨੂੰ ਰੰਗ-ਬਰੰਗੀਆਂ ਲੜੀਆਂ ਅਤੇ ਦੀਵੇ ਜਗ੍ਹਾ ਕੇ ਖ਼ੂਬਸੂਰਤ ਢੰਗ ਨਾਲ ਸਜਾਇਆ ਗਿਆ | ਸਰਕਾਰੀ ਰਾਜ ਪੁਰਸਕਾਰ ਜੇਤੂ ਅਧਿਆਪਕ ਗੁਰਮੇਲ ਸੰਧਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਪਿਛਲੇ 9 ਸਾਲਾਂ ਤੋਂ ਸਕੂਲ ਵਿਚ ਘਰ ਵਾਂਗ ਦੀਵਾਲੀ ਮਨਾਈ ਜਾਂਦੀ ਹੈ | ਉਨ੍ਹਾਂ ਸਕੂਲ ਦੇ ਬੱਚਿਆਂ ਨੂੰ ਦੀਵਾਲੀ ਦੇ ਤਿਉਹਾਰ ਦੀ ਮਹੱਤਤਾ ਦੱਸਿਆ | ਉਨ੍ਹਾਂ ਬੱਚਿਆਂ ਨੂੰ ਪਟਾਕਿਆਂ ਰਹਿਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਪ੍ਰਦੂਸ਼ਣ ਦੀ ਲਪੇਟ ਵਿਚ ਆਉਣ ਤੋਂ ਬਚ ਸਕਣ | ਇਸ ਮੌਕੇ ਸਕੂਲ ਵਿਚ ਬੱਚਿਆਂ ਵਲੋਂ ਰੰਗੋਲੀ ਵੀ ਤਿਆਰ ਕੀਤੀ ਗਈ | ਇਸ ਮੌਕੇ ਸਕੂਲ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ |