ਸਿੱਧਵਾਂ ਬੇਟ, 18 ਜੂਨ (ਜਸਵੰਤ ਸਿੰਘ ਸਲੇਮਪੁਰੀ)-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਮੁਖੀ ਡਾ. ਅੰਕੁਰ ਗੁਪਤਾ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਸੀ.ਆਈ.ਏ. ਸਟਾਫ਼ ਜਗਰਾਉਂ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ | ਮੁਖ਼ਬਰ ਦੀ ਇਤਲਾਹ 'ਤੇ ਥਾਣਾ ਸਿੱਧਵਾਂ ਬੇਟ ਏਰੀਏ ਵਿਚ ਚਿੱਟੇ ਦਾ ਕਾਲਾ ਕਾਰੋਬਾਰ ਕਰ ਰਹੇ ਤਿੰਨ ਤਸਕਰਾਂ ਨੂੰ 258 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਲਿਆ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼ ਵਿਚ ਤਾਇਨਾਤ ਏ.ਐੱਸ.ਆਈ. ਸੁਖਦੇਵ ਸਿੰਘ ਦੀ ਪੁਲਿਸ ਪਾਰਟੀ ਨੂੰ ਸਥਾਨਿਕ ਕਸਬੇ ਤੋਂ ਥੋੜੀ ਦੂਰ ਵਗਦੀ ਸਿੱਧਵਾਂ ਬਰਾਂਚ ਨਹਿਰ ਦੇ ਪੁਲ 'ਤੇ ਸ਼ੱਕੀ ਲੋਕਾਂ ਦੀ ਤਲਾਸੀ ਲਈ ਕੀਤੀ ਗਈ, ਨਾਕਾਬੰਦੀ ਦੌਰਾਨ ਕਿਸੇ ਖਾਸ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਕੋਟ ਈਸੇ ਖਾਂ, ਬਲਵਿੰਦਰ ਸਿੰਘ ਉਰਫ਼ ਬਿੰਦਰ ਵਾਸੀ ਅੱਬੂਪੁਰਾ ਥਾਣਾ ਸਿੱਧਵਾਂ ਬੇਟ ਅਤੇ ਇੰਦਰਜੀਤ ਕੌਰ ਉਰਫ਼ ਇੰਦੂ ਵਾਸੀ ਹਰਦੇਵ ਨਗਰ ਅਗਵਾੜ ਗੁੱਜਰਾਂ, ਚੁੰਗੀ ਨੰਾਂ 5 ਜਗਰਾਉਂ ਬੇਟ ਇਲਾਕੇ ਵਿਚ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ | ਪੁਲਿਸ ਨੇ ਇਸ ਉਪਰੰਤ ਤੁਰੰਤ ਹਰਕਤ ਵਿਚ ਆਉਂਦਿਆਂ ਇਨ੍ਹਾਂ ਨੂੰ 258 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਲਿਆ | ਜਿਨ੍ਹਾਂ ਖ਼ਿਲਾਫ਼ ਥਾਣਾ ਸਿੱਧਵਾਂ ਬੇਟ ਵਿਖੇ ਨਸ਼ਾ ਵਿਰੋਧੀ ਐਕਟ ਤਹਿਤ ਮੁਕੱਦਮਾਂ ਨੰ. 148 ਦਰਜ ਕੀਤਾ ਗਿਆ |