ਸਿੱਧਵਾਂ ਬੇਟ, 20 ਜੂਨ (ਜਸਵੰਤ ਸਿੰਘ ਸਲੇਮਪੁਰੀ)-ਥਾਣਾ ਸਿੱਧਵਾਂ ਬੇਟ ਵਿਖੇ ਤਾਇਨਾਤ ਐੱਸ.ਆਈ. ਕਰਮਜੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੂੰ ਸਥਾਨਕ ਕਸਬੇ ਦੇ ਕਿਸ਼ਨਪੁਰਾ ਚੌਂਕ ਵਿਚ ਸ਼ੱਕੀ ਲੋਕਾਂ ਦੀ ਤਲਾਸ਼ੀ ਲਈ ਕੀਤੀ ਗਈ ਨਾਕਾਬੰਦੀ ਦੌਰਾਨ ਕਿਸੇ ਖਾਸ ਮੁਖਬਰ ਨੇ ਸੂਚਨਾ ਦਿੱਤੀ ਕਿ ਗੁਰਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਖੁਰਸੈਦਪੁਰਾ ਥਾਣਾ ਸਿੱਧਵਾਂ ਬੇਟ ਨਸ਼ੀਲੀਆਂ ਗੋਲੀਆਂ ਵੇਚਣ ਦਾ ਆਦੀ ਹੈ ਜੋ ਅੱਜ ਵੀ ਕਸਬੇ ਦੇ ਸਰਕਾਰੀ ਹਸਪਤਾਲ ਦੇ ਕੋਲ ਖੜ੍ਹ ਕੇ ਨਸ਼ੀਲੀਆਂ ਗੋਲੀਆਂ ਵੇਚ ਰਿਹਾ ਹੈ | ਜੇਕਰ ਹੁਣੇ ਹੀ ਹਸਪਤਾਲ ਦੇ ਮੁੱਖ ਗੇਟ ਕੋਲ ਰੇਡ ਮਾਰੀ ਜਾਵੇ ਤਾਂ ਉੁਕਤ ਸ਼ਖਸ ਕਾਬੂ ਆ ਸਕਦਾ ਹੈ | ਉਪਰੰਤ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਗੁਰਜੀਤ ਸਿੰਘ ਨੂੰ 20 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰ ਲਿਆ | ਜਿਸ ਖ਼ਿਲਾਫ਼ ਥਾਣਾ ਸਿੱਧਵਾਂ ਬੇਟ ਵਿਖੇ ਨਸ਼ਾ ਵਿਰੋਧੀ ਐਕਟ ਤਹਿਤ ਮੁਕੱਦਮਾਂ ਨੰ. 150 ਦਰਜ ਕਰ ਲਿਆ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਤਸਕਰਾਂ ਦੇ ਹੌਂਸਲੇ ਅਜੇ ਵੀ ਕਿੰਨੇ ਬੁਲੰਦ ਹਨ, ਕਿਉਂਕਿ ਹਸਪਤਾਲ ਅਤੇ ਥਾਣਾ ਸਿੱਧਵਾਂ ਬੇਟ ਦਾ ਫ਼ਾਸਲਾ ਸਿਰਫ਼ 100 ਕੁ ਗਜ਼ ਹੀ ਹੈ |