ਚੌਂਕੀਮਾਨ, 21 ਜੂਨ (ਤੇਜਿੰਦਰ ਸਿੰਘ ਚੱਢਾ)-ਪਿੰਡ ਪੰਡੋਰੀ ਵਿਖੇ ਕਬੂਤਰਬਾਜ਼ ਕਲੱਬ ਵਲੋਂ ਗ੍ਰਾਮ ਪੰਚਾਇਤ, ਐੱਨ.ਆਰ.ਆਈਜ਼ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਬੂਤਰਬਾਜ਼ੀ ਮੁਕਾਬਲਾ ਕਰਵਾਇਆ ਗਿਆ, ਜਿਸ ਦਾ ਉਦਘਾਟਨ ਸਰਪੰਚ ਬੀਬੀ ਰਣਜੀਤ ਕੌਰ ਪੰਡੋਰੀ ਦੀ ਅਗਵਾਈ ਵਿਚ ਗ੍ਰਾਮ ਪੰਚਾਇਤ ਤੇ ਪ੍ਰਬੰਧਕਾਂ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਇਸ ਮੌਕੇ ਸਤਨਾਮ ਸਿੰਘ ਪੰਡੋਰੀ, ਚਰਨਪ੍ਰੀਤ ਸਿੰਘ ਪੰਡੋਰੀ, ਬੂਟਾ ਸਿੰਘ ਪੰਡੋਰੀ, ਪੰਚ ਗੁਰਪ੍ਰੀਤ ਸਿੰਘ, ਪੰਚ ਜਸਬੀਰ ਸਿੰਘ ਤੇ ਪੰਚ ਕਰਮਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ 55 ਕਬੂਤਰਾਂ ਨੇ ਭਾਗ ਲਿਆ ਤੇ ਇਹ ਕਬੂਤਰਬਾਜ਼ੀ ਮੁਕਾਬਲੇ ਮਨਪ੍ਰੀਤ ਸਿੰਘ ਮਨੀ ਯੂ.ਐੱਸ.ਏ., ਪ੍ਰਭਜੋਤ ਸਿੰਘ ਯੂ.ਐੱਸ.ਏ, ਯਾਦਵਿੰਦਰ ਸਿੰਘ, ਹਰਜਿੰਦਰ ਸਿੰਘ, ਪਵਨਪ੍ਰੀਤ ਸਿੰਘ ਯੂ.ਐੱਸ.ਏ, ਗੋਲਡੀ ਯੂ.ਐੱਸ.ਏ. ਤੇ ਜਸਕਰਨ ਸਿੰਘ ਯੂ.ਐੱਸ.ਏ ਦੇ ਵੱਡੇ ਸਹਿਯੋਗ ਨਾਲ ਕਰਵਾਏ ਗਏ | ਇਸ ਮੌਕੇ ਰਾਵਲ ਸਵਾਜਪੁਰ ਦੇ ਕਬੂਤਰ ਨੇ ਪਹਿਲਾ ਸਥਾਨ ਪ੍ਰਾਪਤ ਕਰਦਿਆਂ ਮੋਟਰਸਾਈਕਲ, ਡਾਕਟਰ ਮੁੱਲਾਂਪੁਰ ਦੇ ਕਬੂਤਰ ਨੇ ਦੂਜਾ ਸਥਾਨ ਪ੍ਰਾਪਤ ਕਰਦਿਆਂ ਮੋਟਰਸਾਈਕਲ ਤੇ ਫੌਜੀ ਸਵਾਜਪੁਰ ਦੇ ਕਬੂਤਰ ਨੇ ਤੀਜਾ ਸਥਾਨ ਪ੍ਰਾਪਤ ਕਰਦਿਆਂ ਫਰਿੱਜ਼ ਨੂੰ ਜਿੱਤਿਆ | ਇਸ ਮੌਕੇ ਸਾਬਕਾ ਸਰਪੰਚ ਰੁਲਦਾ ਸਿੰਘ ਪੰਡੋਰੀ, ਪਿ੍ਤਪਾਲ ਸਿੰਘ ਪੁਰੀ ਪੰਡੋਰੀ, ਜੀਤਾ ਬਾਬਾ, ਟੋਨੀ ਪੰਡੋਰੀ, ਰਸਪ੍ਰੀਤ ਸਿੰਘ, ਨਰੈਣ ਸਿੰਘ, ਮਨੀ ਸਰਾਂ ਤੇ ਮਨਵੀਰ ਸਿੰਘ ਟਿਵਾਣਾ ਵਲੋਂ ਜੇਤੂ ਕਬੂਤਰਾਂ ਦੇ ਮਾਲਕਾਂ ਨੂੰ ਇਨਾਮ ਵੰਡੇ ਗਏ |