ਗੁਰੂਸਰ ਸੁਧਾਰ, 21 ਜੂਨ (ਜਗਪਾਲ ਸਿੰਘ ਸਿਵੀਆਂ)-ਜਿੱਥੇ ਜ਼ਿਆਦਾਤਰ ਲੋਕ ਸਰਕਾਰੀ ਨੌਕਰੀ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਆਰਾਮ ਦੀ ਜ਼ਿੰਦਗੀ ਚੁਣਦੇ ਹਨ, ਉੱਥੇ ਅਕਾਲਗੜ੍ਹ ਕਲਾਂ ਦੇ ਦੋ ਸਾਬਕਾ ਏਅਰ ਫੋਰਸ (ਐੱਮ.ਈ.ਐੱਸ) ਮੁਲਾਜ਼ਮ, 65 ਸਾਲਾ ਪਾਲ ਸਿੰਘ ਉਰਫ਼ ਪਾਲਾ ਬਾਬਾ ਅਤੇ ਸੰਤੋਖ ਸਿੰਘ ਨੇ ਰੁੱਖਾਂ ਅਤੇ ਬੂਟਿਆਂ ਦੀ ਸੰਭਾਲ ਨੂੰ ਆਪਣਾ ਜੀਵਨ ਮੰਤਰ ਬਣਾਇਆ | ਪਿਛਲੇ 10 ਸਾਲਾਂ ਵਿਚ ਇਨ੍ਹਾਂ ਦੋਵਾਂ ਨੇ ਪਿੰਡ ਦੇ ਪੀਰ ਬਾਬਾ ਤਾਰੂ ਸ਼ਾਹ ਅਤੇ ਇਲਾਕੇ ਦੀਆਂ ਹੋਰ ਧਾਰਮਿਕ ਸੰਸਥਾਵਾਂ 'ਤੇ 10,000 ਤੋਂ ਵੱਧ ਰੁੱਖ ਲਗਾਏ ਅਤੇ ਉਨ੍ਹਾਂ ਦੀ ਦੇਖ-ਭਾਲ ਵੀ ਖੁਦ ਕੀਤੀ | ਪਾਲ ਸਿੰਘ ਅਤੇ ਸੰਤੋਖ ਸਿੰਘ ਦੀ ਸਵੇਰ ਦੀ ਸ਼ੁਰੂਆਤ ਰੁੱਖਾਂ ਨੂੰ ਪਾਣੀ ਦੇਣ ਅਤੇ ਨਵੇਂ ਬੂਟੇ ਲਗਾਉਣ ਨਾਲ ਹੁੰਦੀ ਹੈ | ਇਨ੍ਹਾਂ ਨੇ ਆਪਣੀ ਪੈਨਸ਼ਨ ਦਾ ਵੱਡਾ ਹਿੱਸਾ ਰੁੱਖਾਂ ਦੀ ਸੰਭਾਲ ਅਤੇ ਧਾਰਮਿਕ ਸੰਸਥਾਵਾਂ ਦੀ ਸੇਵਾ 'ਤੇ ਖਰਚ ਕੀਤਾ | ਇਸ ਤੋਂ ਇਲਾਵਾ ਇਨ੍ਹਾਂ ਸਾਬਕਾ ਫੌਜੀਆਂ ਨੇ ਧਾਰਮਿਕ ਸੰਸਥਾਵਾਂ ਦੀ ਉਸਾਰੀ ਅਤੇ ਸਵਾਗਤੀ ਗੇਟਾਂ ਦੇ ਨਿਰਮਾਣ ਵਿਚ ਵੀ ਆਪਣਾ ਯੋਗਦਾਨ ਦਿੱਤਾ | ਪਾਲ ਸਿੰਘ ਅਤੇ ਸੰਤੋਖ ਸਿੰਘ ਦੀ ਇਸ ਨੇਕ ਮੁਹਿੰਮ ਨੇ ਇਲਾਕੇ ਦੇ ਸੈਂਕੜੇ ਲੋਕਾਂ ਨੂੰ ਰੁੱਖਾਂ ਦੀ ਸੰਭਾਲ ਲਈ ਪ੍ਰੇਰਿਤ ਕੀਤਾ ਹੈ | ਇਨ੍ਹਾਂ ਦੀ ਮਿਸਾਲ ਨੇ ਸਾਬਤ ਕੀਤਾ ਹੈ ਕਿ ਸਮਰਪਣ ਅਤੇ ਮਿਹਨਤ ਨਾਲ ਨਾ ਸਿਰਫ਼ ਕੁਦਰਤ ਨੂੰ ਸੰਵਾਰਿਆ ਜਾ ਸਕਦਾ ਹੈ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਸੁਹਜਮਈ ਵਾਤਾਵਰਨ ਛੱਡਿਆ ਜਾ ਸਕਦਾ ਹੈ |