18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਗੈਰ ਜ਼ਿੰਮੇਵਾਰ ਹੱਥਾਂ 'ਚ ਹੈ ਮਾਲ ਵਿਭਾਗ ਦਾ ਰਿਕਾਰਡ ਰੂਮ

ਅਜੀਤ ਡੈਸਕ 17-10-2025

• ਤਹਿਸੀਲਦਾਰ ਦੀ ਸਰਪ੍ਰਸਤੀ ਹੇਠ ਕੱਚੇ ਕਰਿੰਦਿਆਂ ਵਲੋਂ ਰਿਸ਼ਵਤਖੋਰੀ ਦਾ ਨੰਗਾ ਨਾਚ
ਜਗਰਾਉਂ, 16 ਅਕਤੂਬਰ (ਗੁਰਦੀਪ ਸਿੰਘ ਮਲਕ)-ਜਗਰਾਉਂ ਮਾਲ ਵਿਭਾਗ ਦੇ ਦਿਲ ਸਮਝੇ ਜਾਣ ਵਾਲੇ ਰਿਕਾਰਡ ਰੂਮ ਨੂੰ ਤਹਿਸੀਲਦਾਰ ਨੇ ਗੈਰ ਜ਼ਿੰਮੇਵਾਰ ਹੱਥਾਂ ਵਿਚ ਦੇ ਰੱਖਿਆ ਹੈ, ਜਿਸ ਕਾਰਨ ਕੋਈ ਵੀ ਵੱਡਾ ਨੁਕਸਾਨ ਹੋ ਸਕਦਾ ਹੈ | ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਰਿਕਾਰਡ ਰੂਮ ਵਿਚ ਮਾਲ ਵਿਭਾਗ ਦੀਆਂ ਤਮਾਮ ਰਜਿਸਟਰੀਆਂ, ਭਾਰ ਮੁਕਤ ਸਰਟੀਫਿਕੇਟ ਅਤੇ ਹੋਰ ਦਸਤਾਵੇਜ਼ ਚਸਪਾ ਕਰਕੇ ਸੰਭਾਲੇ ਜਾਂਦੇ ਹਨ | ਇਨ੍ਹਾਂ ਦਸਤਾਵੇਜ਼ਾਂ ਦੀ ਅਕਸਰ ਅਦਾਲਤੀ ਕੇਸਾਂ ਵਿਚ ਜ਼ਰੂਰਤ ਪੈਂਦੀ ਰਹਿੰਦੀ ਹੈ ਅਤੇ ਬੈਂਕ ਵਾਲੇ ਕਰਜ਼ਾ ਦੇਣ ਵੇਲੇ ਵੀ ਤਸਦੀਕਸ਼ੁਦਾ ਨਕਲ ਦੀ ਮੰਗ ਕਰ ਦੇ ਹਨ | ਐਨੇ ਅਹਿਮ ਰਿਕਾਰਡ ਵਿਚ ਤਹਿਸੀਲਦਾਰ ਨੇ ਗੈਰ ਜ਼ਿੰਮੇਵਾਰ ਲੋਕਾਂ ਨੂੰ ਬਿਠਾ ਰੱਖਿਆ ਹੈ | ਕੁਝ ਵਸੀਕਾ ਨਵੀਸਾਂ ਨੇ ਦੱਸਿਆ ਕਿ ਇਸੇ ਰਿਕਾਰਡ ਰੂਮ 'ਚੋਂ ਕੋਈ ਵੀ ਦਸਤਾਵੇਜ਼ ਲੈਣ ਲਈ ਰਿਸ਼ਵਤ ਤੋਂ ਬਿਨਾਂ ਕੋਈ ਚਾਰਾ ਨਹੀਂ | ਇਕ ਵਿਅਕਤੀ ਤਾਂ ਸ਼ਾਮ ਵੇਲੇ ਵਸੀਕਾ ਨਵੀਸਾਂ ਦੀਆਂ ਦੁਕਾਨਾਂ ਤੋਂ ਉਗਰਾਹੀ ਕਰਦਾ ਵੀ ਵੇਖਿਆ ਜਾ ਸਕਦਾ ਹੈ | ਦੂਜੇ ਪਾਸੇ ਇਹ ਵੀ ਪਤਾ ਲੱਗਿਆ ਕਿ ਸਰਕਾਰੀ ਤੌਰ 'ਤੇ ਕਿਸੇ ਵੀ ਵਸੀਕੇ ਦੀ ਨਕਲ ਲੈਣ ਦੀ ਫੀਸ 800 ਰੁਪਏ ਦੇ ਕਰੀਬ ਹੈ ਪਰ ਜੇਕਰ ਫ਼ੀਸ ਭਰੇ ਬਿਨਾਂ ਨਕਲ ਲੈਣੀ ਹੋਵੇ ਤਾਂ ਰੇਟ ਦੋ ਹਜ਼ਾਰ ਰੁਪਏ ਤੱਕ ਚਲਾ ਜਾਂਦਾ ਹੈ | ਅਜਿਹਾ ਕਰਕੇ ਸਰਕਾਰੀ ਖਜ਼ਾਨੇ ਨੂੰ ਵੀ ਮੋਟਾ ਚੂਨਾ ਲਗਾਇਆ ਜਾ ਰਿਹਾ ਹੈ ਪਰ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਸਭ ਕੁਝ ਵੇਖ ਰਿਹਾ ਹੈ | 'ਅਜੀਤ' ਨੇ ਜਦੋਂ ਰਿਕਾਰਡ ਰੂਮ ਵਿਚ ਬੈਠੇ ਕਰਿੰਦਿਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕੋਈ ਤਨਖਾਹ ਨਹੀਂ ਮਿਲਦੀ | ਜੇਕਰ ਤਨਖਾਹ ਨਹੀਂ ਮਿਲਦੀ ਤਾਂ 50 ਕਿਲੋਮੀਟਰ ਦਾ ਸਫਰ ਕਰਕੇ ਇਹ ਲੋਕ ਕਿਉਂ ਆਉਂਦੇ ਹਨ, ਇਹ ਸਵਾਲ ਆਪਣੇ ਆਪ ਵਿਚ ਬਹੁਤ ਕੁਝ ਬਿਆਨ ਕਰ ਰਿਹਾ ਹੈ | ਜਾਣਕਾਰਾਂ ਨੇ ਦੱਸਿਆ ਕਿ ਪਟਵਾਰ ਭਵਨ ਵਿਚ ਵੱਡੀ ਗਿਣਤੀ ਕੱਚੇ ਕਰਿੰਦੇ ਸ਼ਰੇ੍ਹਆਮ ਲੋਕਾਂ ਦੀ ਲੁੱਟ ਕਰਦੇ ਹਨ | ਅਗਵਾੜ ਪੋਨਾ ਦੀ ਪਟਵਾਰੀ ਨੇ ਵੀ ਹੁਣ ਸਹਾਇਕ ਰੱਖ ਲਿਆ ਹੈ, ਜਿਸ ਵਲੋਂ ਇਕ ਤੇਰਾਂ ਸਾਲਾ ਉਤਾਰਾ ਦੇਣ ਦੇ ਦੋ ਹਜ਼ਾਰ ਰੁਪਏ ਵਸੂਲ ਲੈਣ ਦੀ ਪੁਸ਼ਟੀ ਇਕ ਬੈਂਕ ਕਰਮਚਾਰੀ ਨੇ ਕੀਤੀ ਹੈ | ਇਸ ਸਬੰਧੀ ਤਹਿਸੀਲਦਾਰ ਵਰਿੰਦਰ ਭਾਟੀਆ ਨੇ ਕੋਈ ਸੰਤੁਸ਼ਟੀਜਨਕ ਜਵਾਬ ਦੇਣ ਦੀ ਜ਼ਰੂਰਤ ਨਹੀਂ ਸਮਝੀ |

ਪਿਛਲੀ ਖ਼ਬਰ ਝੋਨੇ ਦੀ ਨਮੀ ਦਾ ਪੈਮਾਨਾ ਘੱਟੋ-ਘੱਟ 20 ਫ਼ੀਸਦੀ ਕਰਨ ਦੀ ਜ਼ੋਰਦਾਰ ਮੰਗ ਅਗਲੀ ਖ਼ਬਰ ਬੀਬੀ ਮਾਣੂੰਕੇ ਨੇ ਪਿੰਡ ਪੋਨਾ ਲਈ ਪੰਚਾਇਤ ਨੂੰ ਦਿੱਤੇ 3 ਲੱਖ ਰੁਪਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।