ਖੰਨਾ, 16 ਅਕਤੂਬਰ (ਹਰਜਿੰਦਰ ਸਿੰਘ ਲਾਲ)-ਪਿ੍ੰਸੀਪਲ ਰਾਜੇਸ਼ ਕੁਮਾਰ ਫੁੱਲ ਦੀ ਅਗਵਾਈ ਹੇਠ ਕਿਸ਼ੋਰੀ ਲਾਲ ਜੇਠੀ ਸਕੂਲ ਆਫ਼ ਐਮੀਨੈਂਸ ਖੰਨਾ ਦੇ ਵਿਦਿਆਰਥੀਆਂ ਨੇ 779 ਖੰਨਾ ਵੱਲੋਂ ਆਯੋਜਿਤ ਸਾਇੰਸ ਓਲੰਪੀਐਡ 'ਚ ਭਾਗ ਲੈ ਕੇ ਵੱਖ-ਵੱਖ ਸ਼੍ਰੇਣੀਆਂ 'ਚ ਇਨਾਮ ਜਿੱਤ ਕੇ ਸਕੂਲ ਦਾ ਮਾਣ ਵਧਾਇਆ | ਜਿਸ ਵਿੱਚ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਮਨਦੀਪ ਕੌਰ ਨੇ ਪਹਿਲਾ, ਜਦਕਿ ਯੁਵਰਾਜ ਸਿੰਘ, ਵਿਵੇਕ ਕੁਮਾਰ ਅਤੇ ਸੁਖਦੀਪ ਸਿੰਘ ਨੇ ਦੂਜਾ ਸਥਾਨ ਅਤੇ ਪ੍ਰਭਜੋਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ | ਵਿਦਿਆਰਥੀਆਂ ਦੀ ਇਹ ਉਪਲਬਧੀ ਨਾ ਕੇਵਲ ਉਨ੍ਹਾਂ ਦੇ ਗਿਆਨ ਨੂੰ ਦਰਸਾਉਂਦੀ ਹੈ, ਬਲਕਿ ਉਨ੍ਹਾਂ ਦੇ ਆਤਮ ਵਿਸ਼ਵਾਸ ਨੂੰ ਵੀ ਪ੍ਰਗਟ ਕਰਦੀ ਹੈ | ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਪੋਸਟਰ ਮੇਕਿੰਗ, ਰੰਗੋਲੀ ਅਤੇ ਫਾਇਰਲੈਸ ਕੁਕਿੰਗ ਵਰਗੀਆਂ ਹੋਰ ਗਤੀਵਿਧੀਆਂ ਵਿੱਚ ਭਾਗ ਲੈ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਸਕੂਲ ਦੇ ਪਿ੍ੰਸੀਪਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਮਿਹਨਤ ਸਮਰਪਣ ਅਤੇ ਅਧਿਆਪਕਾਂ ਦੇ ਸਹਿਯੋਗ ਦਾ ਨਤੀਜਾ ਹੈ |