ਹੰਬੜਾਂ, 16 ਅਕਤੂਬਰ (ਮੇਜਰ ਹੰਬੜਾਂ)-ਬਾਬਾ ਬੰਦਾ ਸਿੰਘ ਬਹਾਦਰ ਕਿਸਾਨ, ਮਜ਼ਦੂਰ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਨੇਕ ਸਿੰਘ ਲਾਦੀਆਂ ਵਲੋਂ ਜਥੇਬੰਦੀ ਦੇ ਹੋਰ ਸਾਥੀਆਂ ਨੂੰ ਨਾਲ ਲੈ ਕੇ ਦਾਣਾ ਮੰਡੀ ਹੰਬੜਾਂ ਦਾ ਦੌਰਾ ਕੀਤਾ ਗਿਆ ਤੇ ਉਨ੍ਹਾਂ ਨੇ ਖ਼ਰੀਦ ਕੀਤੇ ਝੋਨੇ ਦੀਆਂ ਬੋਰੀਆਂ ਦੀ ਤੁਲਾਈ ਸਮੇਂ ਆੜ੍ਹਤੀਆਂ 'ਤੇ ਵੱਧ ਝੋਨਾ ਤੋਲਣ ਦੇ ਦੋਸ਼ ਲਗਾਏ | ਪ੍ਰਧਾਨ ਲਾਦੀਆਂ ਨੇ ਕਿਹਾ ਕਿ ਆੜ੍ਹਤੀ ਝੋਨੇ ਦੀ ਵੱਧ ਤੁਲਾਈ ਤੋਂ ਬਾਜ਼ ਆਉਣ ਨਹੀਂ ਤਾਂ ਜਥੇਬੰਦੀ ਉਨ੍ਹਾਂ ਦੇ ਲਾਇਸੰਸ ਰੱਦ ਕਰਵਾਉਣ ਤੱਕ ਧਰਨੇ ਲਗਾਉਣ ਲਈ ਮਜ਼ਬੂਰ ਹੋਵੇਗੀ | ਉਨ੍ਹਾਂ ਸੂਬਾ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਦਾਣਾ ਮੰਡੀਆਂ 'ਚ ਝੋਨੇ ਦੀ ਹੋ ਰਹੀ ਵੱਧ ਤੁਲਾਈ ਪਾਸੇ ਧਿਆਨ ਦੇਵੇ, ਜਿੱਥੇ ਆੜ੍ਹਤੀ ਤੇ ਮੰਡੀ ਕਰਮਚਾਰੀਆਂ ਦੀ ਮਿਲੀਭੁਗਤ ਰਾਹੀਂ ਝੋਨੇ ਦੀ ਕੀਤੀ ਜਾ ਰਹੀ ਵੱਧ ਤੁਲਾਈ ਰਾਹੀਂ ਕਿਸਾਨਾਂ ਨੂੰ ਡੇਢ ਕਿੱਲੋ ਤੋਂ ਵੱਧ ਦਾ ਪ੍ਰਤੀ ਕੁਇੰਟਲ ਚੂਨਾ ਲਗਾਇਆ ਜਾ ਰਿਹਾ ਹੈ | ਪ੍ਰਧਾਨ ਲਾਦੀਆਂ ਤੇ ਕਿਸਾਨ ਆਗੂ ਕਲੇਰ ਨੇ ਕਿਹਾ ਕਿ ਕਿਸੇ ਨੂੰ ਵੀ ਕਿਸਾਨਾਂ ਦੀ ਲੁੱਟ ਕਰਨ ਦੀ ਖੁੱਲ੍ਹ ਨਹੀਂ ਦਿੱਤੀ ਜਾਵੇਗੀ | ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਮੰਗਾ ਅਤੇ ਮੀਤ ਪ੍ਰਧਾਨ ਜਸਪਾਲ ਸਿੰਘ ਜੱਸਾ ਨੇ ਕਿਹਾ ਕਿ ਜੋ ਵੀ ਆੜ੍ਹਤੀ ਝੋਨਾ ਵੱਧ ਤੋਲਦਾ ਹੈ ਉਸ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ | ਇਸ ਮੌਕੇ ਸਰਬਜੀਤ ਸਿੰਘ ਖਹਿਰਾ, ਸਾਬਕਾ ਸਰਪੰਚ ਬਲਵੀਰ ਸਿੰਘ ਕਲੇਰ, ਮੋਹਣ ਸਿੰਘ ਕਲੇਰ ਸਮੇਤ ਹੋਰ ਜਥੇਬੰਦੀ ਦੇ ਆਗੂ ਤੇ ਵੱਡੀ ਗਿਣਤੀ 'ਚ ਕਿਸਾਨ ਵੀ ਮੌਜੂਦ ਸਨ |