ਨਵਾਂਸ਼ਹਿਰ, 16 ਅਕਤੂਬਰ (ਜਸਵੀਰ ਸਿੰਘ ਨੂਰਪੁਰ)-ਕਰਿਆਮ ਰੋਡ 'ਤੇ ਸਥਿਤ ਕੇ. ਸੀ. ਐਸ. ਐਮ. ਸੀ. ਏ. ਕਾਲਜ 'ਚ ਕੈਂਪਸ ਡਾਇਰੈਕਟਰ ਡਾ. ਏ. ਸੀ. ਰਾਣਾ ਦੀ ਦੇਖ-ਰੇਖ 'ਚ ਨਵੇਂ ਦਾਖਲ ਵਿਦਿਆਰਥੀਆਂ ਨੇ ਬੂਟੇ ਲਗਾਏ | ਵਿਦਿਆਰਥੀਆਂ ਨੇ ਕਰੀਬ 22 ਫਲਦਾਰ, ਫੁੱਲਦਾਰ ਤੇ ਛਾਂਦਾਰ ਬੂਟੇ ਲਗਾਏ | ਕਾਲਜ ਦੇ ਮੁਖੀ ਡਾ. ਵਿਕਾਸ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਨਵੇਂ ਵਿਦਿਆਰਥੀਆਂ ਨੇ ਆਪਣੀ ਯਾਦ ਲਈ ਬੂਟੇ ਲਗਾਏ ਤੇ ਉਨ੍ਹਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਲਈ ਜਦੋਂ ਤੱਕ ਉਹ ਰੁੱਖ ਨਹੀਂ ਬਣ ਜਾਂਦੇ | ਜਦੋਂ ਇਹ ਰੁੱਖ ਬਣੇਗੇ ਇਨ੍ਹਾਂ ਲਈ ਇਕ ਯਾਦਗਾਰ ਬਣ ਜਾਣਗੇ, ਜਦੋਂ ਡਿਗਰੀ ਪੂਰੀ ਹੋਣ ਤੋਂ ਬਾਅਦ ਉਹ ਕਾਲਜ ਆਉਣਗੇ ਤਾਂ ਇਨ੍ਹਾਂ ਬਾਰੇ ਆਪਣੇ ਸਾਥੀਆਂ ਨੂੰ ਦੱਸਣਗੇ ਕਿ ਇਹ ਉਨ੍ਹਾਂ ਵਲੋਂ ਲਗਾਏ ਗਏ ਸਨ | ਡਾ. ਏ. ਸੀ. ਰਾਣਾ ਨੇ ਦੱਸਿਆ ਕਿ ਧਰਤੀ ਮਾਤਾ ਸਾਨੂੰ ਭੋਜਨ, ਪਾਣੀ, ਆਕਸੀਜਨ ਅਤੇ ਜੀਵਨ ਪ੍ਰਦਾਨ ਕਰਦੀ ਹੈ | ਬਦਲੇ 'ਚ ਸਾਨੂੰ ਇਸ ਨੂੰ ਸੁੰਦਰ ਬਣਾਉਣ ਲਈ ਇਨ੍ਹਾਂ ਦਾ ਪਾਲਣ-ਪੋਸ਼ਣ ਕਰਣਾ ਚਾਹੀਦਾ ਹੈ | ਧਰਤੀ ਦੇ ਨਾਲ-ਨਾਲ, ਸਾਨੂੰ ਭੋਜਨ, ਪਾਣੀ ਤੇ ਵਾਤਾਵਰਨ ਦੀ ਵੀ ਰੱਖਿਆ ਕਰਨੀ ਚਾਹੀਦੀ ਹੈ | ਸਾਨੂੰ ਵਰਤੇ ਗਏ ਰਸੋਈ ਦੇ ਸਾਮਾਨ ਦੀ ਵਰਤੋਂ ਗਮਲਿਆਂ ਵਿਚ ਖਾਦ ਬਣਾਉਣ ਲਈ ਕਰਨੀ ਚਾਹੀਦੀ ਹੈ | ਉਨ੍ਹਾਂ ਸਾਰਿਆਂ ਤੋਂ ਪ੍ਰਣ ਲਿਆ ਕਿ ਉਹ ਅੱਜ ਤੋਂ ਕੁਝ ਵੀ ਬਰਬਾਦ ਨਹੀਂ ਕਰਨਗੇ | ਆਪਣੇ ਭਵਿੱਖ ਨੂੰ ਧੁੰਦਲਾ ਹੋਣ ਤੋਂ ਬਚਾਉਣ ਲਈ, ਸਾਨੂੰ ਰੁੱਖ ਲਗਾਉਣੇ ਚਾਹੀਦੇ ਹਨ, ਪਾਣੀ ਬਚਾਉਣਾ ਚਾਹੀਦਾ ਹੈ, ਬਿਜਲੀ ਬਚਾਉਣੀ ਚਾਹੀਦੀ ਹੈ ਤੇ ਅਨਾਜ ਬਰਬਾਦ ਨਹੀਂ ਕਰਨਾ ਚਾਹੀਦਾ | ਇਸ ਮੌਕੇ ਗੁਰਪ੍ਰੀਤ, ਸੁਖਵਿੰਦਰ ਸਿੰਘ, ਪ੍ਰਭਜੋਤ ਕੌਰ, ਨਿਸ਼ਾ, ਮਾਲੀ ਦਰਸ਼ਨ ਕੁਮਾਰ ਤੇ ਵਿਪਨ ਕੁਮਾਰ ਮੌਜੂਦ ਰਹੇ |