ਬੰਗਾ, 23 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਰੋਪੜ ਰੇਂਜ ਦੇ ਡੀ. ਆਈ. ਜੀ ਹਰਚਰਨ ਸਿੰਘ ਭੁੱਲਰ ਨੇ ਰਿਸ਼ਵਤ ਲੈ ਕੇ ਪੁਲਿਸ ਦੀ ਖਾਕੀ ਵਰਦੀ ਨੂੰ ਦਾਗਦਾਰ ਕੀਤਾ ਹੈ | ਇਹ ਵਿਚਾਰ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਜਥੇਬੰਦੀ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਚਰਨਜੀਤ ਸਿੰਘ ਚੰਨੀ ਨੇ ਪੱਤਰਕਾਰਾਂ ਦੇ ਸਨਮੁੱਖ ਪ੍ਰਗਟਾਏ | ਉਨ੍ਹਾਂ ਦੱਸਿਆ ਕਿ ਇਸ ਜਥੇਬੰਦੀ ਦੇ ਸੀਨੀਅਰ ਅਹੁਦੇਦਾਰ ਐਡਵੋਕੇਟ ਡਾ. ਗੌਰਵ ਅਰੋੜਾ ਪ੍ਰਧਾਨ ਪੰਜਾਬ ਅਤੇ ਵਾਈਸ ਪ੍ਰਧਾਨ ਜਸਵੀਰ ਸਿੰਘ ਕਲੋਤਰਾ ਨੇ ਇਸ ਪੁਲਿਸ-ਰਿਸ਼ਵਤਖੋਰੀ ਦਾ ਗੰਭੀਰ ਨੋਟਿਸ ਲਿਆ ਹੈ | ਇਨ੍ਹਾਂ ਅਹੁਦੇਦਾਰਾਂ ਨੇ ਕਿਹਾ ਕਿ ਅਗਰ ਪੁਲਿਸ ਹੀ 'ਉਲਟੀ ਵਾੜ ਖੇਤ ਨੂੰ ਖਾਏ ਦੀ ਮਿਸਾਲ ਬਣ ਰਹੀ ਹੈ ਤਾਂ ਦੁਖੀ ਲੋਕ ਕਿਸ ਕੋਲ ਜਾ ਕੇ ਆਪਣਾ ਦੁਖ ਰੋਣਗੇ | ਉਕਤ ਅਫਸਰ ਦੇ ਘਰੋਂ ਫੜ੍ਹੀਆਂ ਮਹਿੰਗੀਆਂ ਘੜੀਆਂ, ਮਹਿੰਗੀ ਸ਼ਰਾਬ, ਸੱਤ ਕਰੋੜ ਦੇ ਕਰੀਬ ਨਕਦ ਰਾਸ਼ੀ ਸਿੱਧ ਕਰਦੀ ਹੈ ਕਿ ਡੀ. ਆਈ. ਜੀ ਭੁੱਲਰ ਰਿਸ਼ਵਤਖੋਰੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੇ ਸਨ | ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਲੋਕ ਪੁਲਿਸ ਦੇ ਵੱਡੇ ਅਫਸਰਾਂ ਤੋਂ ਇਨਸਾਫ ਮੰਗਣ ਅਤੇ ਇਨਸਾਫ ਪ੍ਰਾਪਤ ਕਰਨ ਦੀ ਆਸ ਨਾਲ ਜਾਂਦੇ ਹਨ ਪਰ ਅਜਿਹੇ ਰਿਸ਼ਵਤਖੋਰ ਅਫ਼ਸਰਾਂ ਤੋਂ ਉਨ੍ਹਾਂ ਨੂੰ ਕਿਵੇਂ ਇਨਸਾਫ ਮਿਲੇਗਾ | ਇਸ ਮੌਕੇ ਚੰਨੀ ਨਾਲ ਦੋਆਬਾ ਜੋਨ ਦੇ ਪ੍ਰਧਾਨ ਹਰਨੇਕ ਸਿੰਘ ਦੋਸਾਂਝ ਅਤੇ ਹੋਰ ਹਾਜ਼ਰ ਸਨ |