ਖਮਾਣੋਂ, 21 ਸਤੰਬਰ (ਜੋਗਿੰਦਰ ਪਾਲ)-ਪੰਜਾਬ ਸਰਕਾਰ ਨੇ ਬਲਾਕ ਖਮਾਣੋਂ ਦੇ ਪਿੰਡ ਸਮਸ਼ਪਰ ਸਿੰਘਾਂ ਵਿਖੇ 1994/95 ਦੇ ਲਗਪਗ ਪਿੰਡ ਦੀ ਪੰਚਾਇਤ ਵਲੋਂ ਦਿੱਤੀ ਗਈ ਜ਼ਮੀਨ 'ਤੇ ਇਕ ਜਲ ਘਰ ਉਸਾਰਿਆ ਸੀ ਜਿਸ ਦੇ ਰਸਤੇ 'ਤੇ ਹੁਣ ਨਾਲ ਲੱਗਦੀ ਜ਼ਮੀਨ ਦੇ ਮਾਲਕਾਂ ਵਲੋਂ ਕਬਜ਼ਾ ਕਰ ਲਿਆ ਗਿਆ ਹੈ | ਇਸ ਸੰਬੰਧੀ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਬਰਾਂਚ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਤਰਲੋਚਨ ਸਿੰਘ ਤੇ ਜਨਰਲ ਸਕੱਤਰ ਦੀਦਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਸੰਬੰਧੀ ਉਪ ਮੰਡਲ ਇੰਜੀਨੀਅਰ ਗਗਨਦੀਪ ਸਿੰਘ ਵਿਰਕ ਨੂੰ ਦਿੱਤੇ ਗਏ ਇਕ ਮੰਗ-ਪੱਤਰ ਨਾਲ ਜਾਣੂ ਕਰਵਾਇਆ ਗਿਆ ਹੈ ਕਿ ਲੁਧਿਆਣਾ-ਰੋਪੜ ਹਾਈਵੇਜ਼ ਨੂੰ ਜੋੜਦੀ ਪਿੰਡ ਦੀ ਲਿੰਕ ਸੜਕ ਤੋਂ 200 ਮੀਟਰ ਦੀ ਦੂਰੀ 'ਤੇੇ ਉਸਾਰੇ ਜਲ ਘਰ ਦੇ ਨਾਲ ਇਕ ਪੰਪ ਚੈਂਬਰ ਤੇ ਸਟਾਫ਼ ਕੁਆਰਟਰ ਬਣਾਏ ਗਏ ਸਨ | ਇਹ ਜਲ ਘਰ ਪਿਛਲੇ 31/32 ਸਾਲਾਂ ਤੋਂ ਪਿੰਡ ਸਮਸ਼ਪੁਰ ਸਿੰਘਾ ਦੇ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਦੇ ਰਿਹਾ ਹੈ, ਪਿਛਲੇ ਕਈ ਸਾਲਾਂ ਤੋਂ ਇਸ ਜਲ ਘਰ 'ਤੇ ਜਾਣ ਵਾਲੇ ਰਸਤੇ ਨੂੰ ਨਾਲ ਲੱਗਦੇ ਖੇਤ ਮਾਲਕਾਂ ਵਲੋਂ ਆਪਣੇ ਖੇਤ 'ਚ ਮਿਲਾ ਕੇ ਕਥਿਤ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ, ਜਿਸ ਕਾਰਨ ਉਥੇ ਡਿਊਟੀ ਕਰਦੇ ਮੁਲਾਜ਼ਮਾਂ ਨੂੰ ਆਉਣ ਜਾਣ ਲਈ ਬਹੁਤ ਮੁਸ਼ਕਿਲ ਆਉਂਦੀ ਹੈ | ਇੱਥੋਂ ਤੱਕ ਕਿ 200 ਮੀਟਰ ਸੜਕ 'ਤੇ ਹੀ ਸੰਬੰਧਿਤ ਮੁਲਾਜ਼ਮਾਂ ਨੂੰ ਆਪਣਾ ਵਾਹਨ ਖੜ੍ਹਾਉਣਾ ਪੈਂਦਾ ਹੈ, ਜਲ ਘਰ ਤੇ ਮਸ਼ੀਨਰੀ ਲਿਜਾਉਣ ਲਈ ਵੀ ਬਹੁਤ ਮੁਸ਼ਕਿਲ ਆਉਂਦੀ ਹੈ | ਜਲ ਘਰ ਬਣਨ ਸਮੇਂ ਇਥੇ ਲਗਪਗ 8 ਫੁੱਟ ਚੌੜਾ ਰਸਤਾ ਮੌਜੂਦ ਸੀ ਤੇ ਜਦੋਂ ਇਹ ਸਕੀਮ ਸੰਬੰਧਿਤ ਵਿਭਾਗ ਵਲੋਂ ਪਿੰਡ ਦੇ ਹੀ ਇਕ ਵਿਅਕਤੀ ਨੂੰ ਚਲਾਉਣ ਲਈ ਠੇਕੇ 'ਤੇ ਦਿੱਤੀ ਗਈ ਸੀ ਤਾਂ ਉਸ ਤੋਂ ਹੀ ਵਿਭਾਗ ਵਲੋਂ ਸਕੀਮ ਨੂੰ ਅਣਗੌਲਿਆ ਕੀਤਾ ਗਿਆ ਸੀ, ਜਿਸ ਕਾਰਨ ਸੰਬੰਧਿਤ ਖੇਤ ਮਾਲਕ ਵਲੋਂ ਸਕੀਮ ਤੇ ਜਾਣ ਲਈ ਬਣੇ ਰਸਤੇ ਨੂੰ ਕਥਿਤ ਤੌਰ ਤੇ ਆਪਣੇ ਖੇਤ ਵਿਚ ਰਲਾ ਲਿਆ ਗਿਆ ਸੀ | ਉਕਤ ਆਗੂਆਂ ਨੇ ਦੱਸਿਆ ਕਿ ਇਸ ਰਸਤੇ ਦੇ ਸੰਬੰਧਿਤ ਖੇਤ ਮਾਲਕ ਵਲੋਂ ਝੋਨੇ ਦੀ ਫ਼ਸਲ ਬੀਜੀ ਹੋਈ ਹੈ ਜਦ ਕਿ ਇਸ ਥਾਂ 'ਤੇ ਜਲ ਘਰ ਤੋਂ ਪਿੰਡ ਲਈ ਮੇਨ ਪਾਈਪ ਲੈਣ ਦੀ ਸਪਲਾਈ ਆਉਂਦੀ ਹੈ ਅਤੇ ਜਦੋਂ ਖੇਤ ਮਾਲਕ ਆਪਣੇ ਖੇਤ 'ਚ ਕੀਟਨਾਸ਼ਕ ਦਵਾਈ ਦੀ ਵਰਤੋਂ ਕਰਦਾ ਹੈ ਤਾਂ ਇਹ ਪੀਣ ਵਾਲੇ ਪਾਣੀ 'ਚ ਮਿਲ ਕੇ ਲੋਕਾਂ ਦੇ ਸਿਹਤ ਦਾ ਨੁਕਸਾਨ ਵੀ ਕਰ ਸਕਦੀ ਹੈ | ਆਗੂਆਂ ਨੇ ਵਿਭਾਗ ਤੋਂ ਮੰਗ ਕੀਤੀ ਕਿ ਇਸ ਰਸਤੇ ਤੋਂ ਕਥਿਤ ਨਾਜਾਇਜ਼ ਕਬਜ਼ਾ ਛਡਾਇਆ ਜਾਵੇ | ਇਸ ਸੰਬੰਧੀ ਉਪ ਮੰਡਲ ਇੰਜੀਨੀਅਰ ਗਗਨਦੀਪ ਸਿੰਘ ਵਿਰਕ ਨੇ ਦੱਸਿਆ ਕਿ ਸਕੀਮ ਦੇ ਰਸਤੇ 'ਤੇ ਕੀਤੇ ਨਾਜਾਇਜ਼ ਕਬਜ਼ੇ ਨੂੰ ਛਡਾਉਣ ਲਈ ਬੀ. ਡੀ. ਪੀ. ਓ. ਖਮਾਣੋਂ ਨੂੰ ਪੱਤਰ ਲਿਖਿਆ ਗਿਆ ਹੈ | ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਵਿਭਾਗ ਵਲੋਂ ਕੋਈ ਕਾਰਵਾਈ ਨਾ ਕੀਤੀ ਤਾਂ ਜਥੇਬੰਦੀ ਵਲੋਂ ਇਸ ਮਾਮਲੇ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ 'ਚ ਲਿਆਂਦਾ ਜਾਵੇਗਾ | ਇਸ ਸੰਬੰਧੀ ਪਿੰਡ ਦੇ ਸਰਪੰਚ ਨੇ ਕਿਹਾ ਕਿ ਉਹ ਪਿਛਲੀ ਪੰਚਾਇਤ ਨਾਲ ਗੱਲਬਾਤ ਕਰਕੇ ਹੀ ਇਸ ਸੰਬੰਧੀ ਕੁਝ ਦੱਸ ਸਕਦੇ ਹਨ |