22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਨਸ਼ੇ ਦਾ ਕਾਰੋਬਾਰੀ ਕਹਿ ਕੇ ਆਮ ਲੋਕਾਂ ਦੇ ਘਰ ਢਾਹੁਣੇ ਗਲਤ-ਪਰਨੀਤ ਕੌਰ

ਅਜੀਤ ਡੈਸਕ 18-10-2025
ਪਟਿਆਲਾ, 17 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆਂ)-ਲੰਘੇ ਦਿਨੀਂ ਕਈ ਵਿਭਾਗਾਂ ਦੀ ਕਾਰਵਾਈ ਵਿਚ ਸਨੌਰੀ ਅੱਡਾ ਇਲਾਕੇ 'ਚ ਢਾਹੇੇ ਗਏ 14 ਘਰਾਂ 'ਚੋਂ ਸੱਤ ਘਰ ਗਲਤ ਢਾਹੇ ਗਏ ਹਨ | ਇਹ ਗੱਲ ਸਾਬਕਾ ਵਿਦੇਸ਼ ਰਾਜ ਮੰਤਰੀ ਤੇ ਭਾਜਪਾਈ ਆਗੂ ਪਰਨੀਤ ਕੌਰ ਵਲੋਂ ਇਕ ਪ੍ਰੈੱਸ ਮਿਲਣੀ ਦੌਰਾਨ ਕਹੀ ਗਈ | ਉਨ੍ਹਾਂ ਮੁਤਾਬਿਕ ਇਸ ਮਾਮਲੇ ਵਿਚ ਭਾਜਪਾਈ ਆਗੂ ਮਹਿਲਾ ਮੋਰਚਾ ਭਾਜਪਾ ਦੀ ਸੂਬਾਈ ਪ੍ਰਧਾਨ ਜੈਇੰਦਰ ਕੌਰ ਵਲੋਂ ਪੈਰਵੀ ਕਰਦਿਆਂ ਮਾਨਯੋਗ ਅਦਾਲਤ ਤੋਂ ਸਟੇਅ ਆਰਡਰ ਲਿਆਂਦੇ ਹਨ | ਪੁੱਛੇ ਜਾਣ 'ਤੇ ਉਨ੍ਹਾਂ ਇਹ ਵੀ ਮੰਨਿਆ ਕਿ ਨਸ਼ੇ ਦੇ ਕਾਰੋਬਾਰ ਕਰਨ ਵਾਲਿਆਂ ਦੇ ਘਰ ਢਾਹੇ ਜਾਣ ਜਿਸ ਦਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸਗੋਂ ਇਹ ਸ਼ਲਾਘਾ ਭਰਪੂਰ ਕਦਮ ਹੈ ਪਰੰਤੂ ਇਸ ਦੀ ਆੜ ਵਿਚ ਆਮ ਲੋਕਾਂ ਦੇ ਘਰ ਵੀ ਢਾਹ ਦਿੱਤੇ ਜਾਣੇ ਸਰਾਸਰ ਗਲਤ ਹੈ | ਉਨ੍ਹਾਂ ਇਸ ਕਾਰਵਾਈ ਨੂੰ ਇਨ੍ਹਾਂ ਘਰਾਂ ਦੇ ਪਿੱਛੇ ਪਈ ਕਾਫੀ ਜ਼ਮੀਨ ਦੇ ਮਾਲਕ ਵਲੋਂ ਕਰਵਾਈ ਗਈ ਕਾਰਵਾਈ ਦੱਸਿਆ | ਪਰਨੀਤ ਕੌਰ ਦੇ ਕਹਿਣ ਮੁਤਾਬਿਕ ਇਹ ਘਰ ਤਾਂ ਢਾਏ ਗਏ ਹਨ ਕਿਉਂਕਿ ਇਨ੍ਹਾਂ ਘਰਾਂ ਦੇ ਪਿੱਛੇ ਕਿਸੇ ਬਿਲਡਰ ਜਾਂ ਰਾਜਨੀਤਿਕ ਵਿਅਕਤੀ ਦੀ ਜ਼ਮੀਨ ਹੈ | ਜਿਸ ਕਾਰਨ ਇਨ੍ਹਾਂ ਘਰਾਂ ਨੂੰ ਤੋੜ ਕੇ ਰਸਤਾ ਦਿੱਤਾ ਜਾਣਾ ਹੈ | ਉਨ੍ਹਾਂ ਮੰਗ ਕੀਤੀ ਕਿ ਜੇ ਸਰਕਾਰੀ ਜਗ੍ਹਾ ਤੋਂ ਇਨ੍ਹਾਂ ਨੂੰ ਉਠਾਉਣਾ ਹੀ ਹੈ ਤਾਂ ਇਨ੍ਹਾਂ ਲਈ ਰਹਿਣ ਦਾ ਬਦਲਵਾਂ ਪ੍ਰਬੰਧ ਕੀਤਾ ਜਾਣਾ ਚਾਹੀਦਾ ਸੀ | ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਸਰਕਾਰੀ ਥਾਵਾਂ ਵੱਡੇ ਪੱਧਰ 'ਤੇ ਵੇਚ ਕੇ ਸਰਕਾਰ ਚਲਾਉਣੀ ਕਿਸੇ ਪਾਸਿਉਂ ਵੀ ਜਾਇਜ਼ ਨਹੀਂ ਕਿਹਾ ਜਾ ਸਕਦਾ | ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੈਸੇ ਤਾਂ ਹਰ ਵੇਲੇ ਖਜਾਨੇ ਭਰੇ ਹੋਣ ਦਾ ਰਾਗ ਅਲਾਪਦੇ ਹਨ ਪਰੰਤੂ ਜਿਸ ਵਕਤ ਲੋਕਾਂ ਦੀ ਮਦਦ ਦੀ ਗੱਲ ਹੁੰਦੀ ਹੈ ਤਾਂ ਉਹ ਕੇਂਦਰ ਸਰਕਾਰ 'ਤੇ ਛਿੱਠਾ ਕਸੀਕਰਨ ਲੱਗਿਆ ਸਮਾਂ ਨਹੀਂ ਲਾਉਂਦੇ | ਲੰਘੇ ਦਿਨੀਂ ਪੰਜਾਬ ਪੁਲਿਸ ਵਲੋਂ ਫੜੇ ਗਏ ਭਾਜਪਾ ਆਗੂ ਨਵਨੀਤ ਚਤੁਰਵੇਦੀ ਬਾਰੇ ਉਨ੍ਹਾਂ ਕੁਝ ਵੀ ਕਹਿਣ ਤੋਂ ਮਾਮਲਾ ਅਦਾਲਤ ਵਿਚ ਹੋਣ ਦੀ ਗੱਲ ਕਹਿ ਕੇ ਸੰਕੋਚ ਹੀ ਕੀਤਾ | ਇਸ ਮੌਕੇ ਉਨ੍ਹਾਂ ਦੇ ਨਾਲ ਵਿਜੇ ਕੁਮਾਰ ਕੂਕਾ ਅਤੇ ਹੋਰ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਸਿੰਘ ਸਾਹਿਬ ਦਾ 350ਵਾਂ ਸ਼ਹੀਦੀ ਦਿਵਸ ਦੇ ਸੰਬੰਧ 'ਚ ਸਿਹਤ ਨਿਰੀਖਣ ਕੈਂਪ ਲਗਾਇਆ ਅਗਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਵਿਖੇ '11ਵਾਂ ਸਾਲਾਨਾ ਦੋ ਦਿਨਾ ਪ੍ਰੋ. ਤਾਰਾ ਸਿੰਘ ਪਟਿਆਲਾ ਸੰਗੀਤ ਸੰਮੇਲਨ' ਸਫਲਤਾਪੂਰਵਕ ਸੰਪੰਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।