ਫ਼ਤਹਿਗੜ੍ਹ ਸਾਹਿਬ, 4 ਨਵੰਬਰ (ਬਲਜਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਪੂਰੇ ਖ਼ਾਲਸਾਈ ਸ਼ਾਨੋ-ਸ਼ੌਕਤ ਨਾਲ ਜੈਕਾਰਿਆਂ ਦੀ ਗੂੰਜ ਵਿਚ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ, ਜਿਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਫੁੱਲਾਂ ਨਾਲ ਸ਼ਿੰਗਾਰੀ ਪਾਲਕੀ ਸਾਹਿਬ ਵਿਚ ਸਸ਼ੋਭਿਤ ਸਨ ਅਤੇ ਨਗਰ ਕੀਰਤਨ ਦੀ ਸਮੁੱਚੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ | ਇਸ ਮੌਕੇ ਅਰੰਭਤਾ ਦੀ ਅਰਦਾਸ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਅਤਰ ਸਿੰਘ ਦਲੇਰ ਨੇ ਕੀਤੀ | ਇਸ ਨਗਰ ਕੀਰਤਨ ਵਿਚ ਫ਼ੌਜੀ ਬੈਂਡ ਤੇ ਬਾਬਾ ਜ਼ੋਰਾਵਰ ਸਿੰਘ, ਫ਼ਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਦੀ ਬੈਂਡ ਪਾਰਟੀ ਵਲੋਂ ਧਾਰਮਿਕ ਸੰਗੀਤ ਰਾਹੀਂ ਗੁਰੂ ਸਾਹਿਬ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾ ਰਿਹਾ ਸੀ ਉੱਥੇ ਹੀ ਗੱਤਕਾ ਪਾਰਟੀਆਂ ਦੇ ਸਿੰਘ ਗੱਤਕੇ ਦੇ ਜੰਗਜੂ ਜੌਹਰ ਵਿਖਾ ਕੇ ਨਗਰ ਕੀਰਤਨ ਦੀ ਸ਼ੋਭਾ ਨੂੰ ਚਾਰ ਚੰਨ ਲਾ ਰਹੇ ਸਨ | ਇਸ ਤੋਂ ਇਲਾਵਾ ਰਾਗੀ ਜਥੇ ਤੇ ਵੱਖ-ਵੱਖ ਬੀਬੀਆਂ ਦੇ ਜਥੇ ਸ਼ਬਦ ਕੀਰਤਨ ਰਾਹੀਂ ਨਾਮ ਦੀ ਮਹਿਮਾ ਦੀ ਵਰਖਾ ਕਰ ਰਹੇ ਸਨ | ਇਸੇ ਤਰ੍ਹਾਂ ਕੇਸਰੀ ਬਸਤਰਾਂ 'ਚ ਸਜੇ ਸਕੂਲੀ ਵਿਦਿਆਰਥੀਆਂ ਨੇ ਵੀ ਨਗਰ ਕੀਰਤਨ ਵਿਚ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ | ਇਸ ਮੌਕੇ ਮਾਤਾ ਗੁਜਰੀ ਕਾਲਜ ਦੇ ਡਾਇਰੈਕਟਰ ਪਿ੍ੰਸੀਪਲ ਡਾ. ਕਸ਼ਮੀਰ ਸਿੰਘ ਤੇ ਸਮੂਹ ਸਟਾਫ਼ ਵਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ | ਇਸ ਤੋਂ ਇਲਾਵਾ ਜ਼ਿਲ੍ਹਾ ਕਚਹਿਰੀਆਂ ਦੇ ਸਾਹਮਣੇ ਬਾਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਗਗਨਦੀਪ ਸਿੰਘ ਵਿਰਕ, ਅਮਰਦੀਪ ਸਿੰਘ ਧਾਰਨੀ ਸਮੇਤ ਸਮੂਹ ਵਕੀਲਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ | ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਸੀਸਗੰਜ ਸਾਹਿਬ, ਹਸਪਤਾਲ ਰੋਡ ਤੋਂ ਪੁਰਾਣੀ ਸਰਹਿੰਦ, ਹਮਾਯੂੰਪੁਰ, ਜੀ. ਟੀ. ਰੋਡ 4 ਨੰ. ਚੰੁਗੀ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਦੇਰ ਸ਼ਾਮ ਪਹੁੰਚ ਕੇ ਸਮਾਪਤ ਹੋਇਆ | ਵੱਖ-ਵੱਖ ਥਾਵਾਂ 'ਤੇ ਗੁਰਦੁਆਰਾ ਕਮੇਟੀਆਂ, ਸਿੰਘ ਸਭਾਵਾਂ, ਧਾਰਮਿਕ ਤੇ ਸਮਾਜਿਕ ਸੰਸਥਾਵਾਂ, ਰਾਜਨੀਤਕ ਪਾਰਟੀਆਂ ਦੇ ਆਗੂਆਂ ਅਤੇ ਸ਼ਰਧਾਲੂਆਂ ਵਲੋਂ ਪੰਜ ਪਿਆਰਿਆਂ ਨੂੰ ਸਿਰੋਪਾਉ ਦੇ ਕੇ ਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾ ਕੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਮੈਨੇਜਰ ਭਾਈ ਰਣਜੀਤ ਸਿੰਘ ਨੇ ਸਮੁੱਚੀਆਂ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਨਗਰ ਕੀਰਤਨ ਦੇ ਪ੍ਰਬੰਧਾਂ ਵਿਚ ਸਹਿਯੋਗ ਕਰਨ ਵਾਲੀਆਂ ਸਮੂਹ ਸਭਾ ਸੁਸਾਇਟੀਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ | ਇਸ ਨਗਰ ਕੀਰਤਨ ਵਿਚ ਜਥੇਦਾਰ ਅਵਤਾਰ ਸਿੰਘ ਰਿਆ ਮੈਂਬਰ ਸ਼੍ਰੋਮਣੀ ਕਮੇਟੀ, ਬਲਜੀਤ ਸਿੰਘ ਭੁੱਟਾ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਗਿਆਨੀ ਅਤਰ ਸਿੰਘ ਦਲੇਰ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ, ਗਿਆਨੀ ਅਜਮੇਰ ਸਿੰਘ, ਬਾਬਾ ਗੁਲਜ਼ਾਰ ਸਿੰਘ ਕਾਰਸੇਵਾ ਵਾਲੇ, ਬਲਵਿੰਦਰ ਸਿੰਘ ਭਮਾਰਸੀ ਐਡੀਸ਼ਨਲ ਮੈਨੇਜਰ, ਜਗਮੀਤ ਸਿੰਘ ਜੱਗਾ ਤੇ ਕੁਲਵਿੰਦਰ ਸਿੰਘ ਚੀਮਾ ਮੀਤ ਮੈਨੇਜਰ, ਗ੍ਰੰਥੀ ਗਿਆਨੀ ਨਿਰਮਲ ਸਿੰਘ, ਭਾਈ ਗੁਰਜੰਟ ਸਿੰਘ, ਹਰਮਨਜੀਤ ਸਿੰਘ ਤੇ ਗੁਰਇਕਬਾਲ ਸਿੰਘ ਮਾਨ, ਹਰਜੀਤ ਸਿੰਘ ਅਲੀਪੁਰ, ਡਾ. ਪਿ੍ਤਪਾਲ ਸਿੰਘ, ਮਾ. ਸਤਵੰਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਸ਼ਾਮਿਲ ਸਨ |