ਫਤਹਿਗੜ੍ਹ ਚੂੜੀਆਂ, 20 ਜੂਨ (ਐੱਮ. ਐੱਸ. ਫੁੱਲ)-ਬੀਬੀ ਕੌਲਾਂ ਜੀ ਹਸਪਤਾਲ ਫਤਹਿਗੜ੍ਹ ਚੂੜੀਆਂ ਵਿਖੇ ਡਾਕਟਰ ਗਗਨਦੀਪ ਕੌਰ ਫੇਫੜਿਆਂ ਦੇ ਰੋਗਾਂ ਦੇ ਮਾਹਿਰ ਬਤੌਰ ਇੰਚਾਰਜ ਛਾਤੀ ਅਤੇ ਟੀ.ਬੀ. ਰੋਗਾਂ ਵਜੋਂ ਤਾਇਨਾਤ ਹੋਏ ਹਨ | ਇਸ ਮੌਕੇ ਹਸਪਤਾਲ ਪ੍ਰਬੰਧਕ ਡਾ. ਅਮਰਿੰਦਰ ਸਿੰਘ ਨੇ ਡਾ. ਗਗਨਦੀਪ ਕੌਰ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਡਾ. ਗਗਨਦੀਪ ਕੌਰ ਪਹਿਲਾਂ ਪ੍ਰਮੁੱਖ ਵੱਖ-ਵੱਖ ਹਸਪਤਾਲ ਵਿਚ ਸੇਵਾ ਨਿਭਾਅ ਚੁੱਕੇ ਹਨ ਤੇ ਹੁਣ ਬੀਬੀ ਕੋਲਾ ਜੀ ਸੋਸਾਇਟੀ ਅਤੇ ਖਾਲਸਾ ਏਡ ਨਾਲ ਮਿਲ ਕੇ ਇਥੇ ਸੇਵਾਵਾਂ ਨਿਭਾਉਣਗੇ | ਇਸ ਮੌਕੇ ਡਾ. ਗਗਨਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿਚ ਫੇਫੜਿਆਂ ਦੇ ਜ਼ਿਆਦਾ ਡਾਕਟਰ ਨਾ ਹੋਣ ਕਾਰਨ ਮਰੀਜ਼ਾਂ ਨੂੰ ਅੰਮਿ੍ਤਸਰ ਜਾਂ ਕਿਸੇ ਹੋਰ ਸ਼ਹਿਰ ਵਿਚ ਜਾਣਾ ਪੈਂਦਾ ਸੀ | ਹੁਣ ਫੇਫੜਿਆਂ ਦੇ ਸਾਰੇ ਹੀ ਰੋਗਾਂ ਅਤੇ ਉਨ੍ਹਾਂ ਦੇ ਕੀਤੇ ਜਾਣ ਵਾਲੇ ਇਲਾਜ ਜਿਵੇਂ ਕਿ ਦੂਰਬੀਨ ਰਾਹੀਂ ਫੇਫੜਿਆਂ ਦੀ ਜਾਂਚ ਤੇ ਇਲਾਜ (ਬਰੋਕੋਸਕੋਪੀ), ਛਾਤੀ ਵਿਚ ਟਿਊਬ ਪਾਉਣਾ, ਜੰਮਿਆ ਹੋਇਆ ਰੇਸ਼ਾ ਕੱਢਣਾ, ਸੂਈ ਰਾਹੀਂ ਗਲੇ ਦੀਆਂ ਗਿਲਟੀਆਂ ਦੀ ਜਾਂਚ, ਘਰਾੜਿਆਂ ਦਾ ਇਲਾਜ ਆਦਿ ਸਭ ਕੁਝ ਹੁਣ ਬੀਬੀ ਕੌਲਾਂ ਜੀ ਹਸਪਤਾਲ ਫ਼ਤਹਿਗੜ੍ਹ ਚੂੜੀਆਂ ਵਿਖੇ ਸ਼ੁਰੂ ਕੀਤਾ ਗਿਆ ਹੈ | ਇਸ ਮੌਕੇ ਬੀਬੀ ਕੌਲਾਂ ਜੀ ਸੋਸਾਇਟੀ ਦੇ ਮੈਂਬਰਾਂ ਨੇ ਡਾ. ਗਗਨਦੀਪ ਕੌਰ ਦਾ ਹਸਪਤਾਲ ਵਿਖੇ ਅਹੁਦਾ ਸੰਭਾਲਣ 'ਤੇ ਸਵਾਗਤ ਕੀਤਾ ਅਤੇ ਨਾਲ ਹੀ ਦੱਸਿਆ ਕਿ ਉਨ੍ਹਾਂ ਦਾ ਇਥੇ ਸੇਵਾਵਾਂ ਦੇਣ ਨਾਲ ਹਸਪਤਾਲ ਵਿਚ ਬਰੋਂਕੋਸਕੋਪੀ ਸ਼ੁਰੂ ਕੀਤੀ ਗਈ ਹੈ, ਜਿਹੜੀ ਕਿ ਸਿਰਫ ਗੁਰਦਾਸਪੁਰ ਹੀ ਨਹੀਂ, ਬਾਕੀ ਨਾਲ ਲਗਦੇ ਹੋਏ ਇਲਾਕਿਆਂ ਅਤੇ ਜੰਮੂ ਕਸ਼ਮੀਰ ਤੱਕ ਵੀ ਮਰੀਜ਼ਾਂ ਨੂੰ ਲਾਭ ਪਹੁੰਚਾਵੇਗੀ, ਕਿਉਂਕਿ ਹੁਣ ਜ਼ਿਲ੍ਹੇ ਵਿਚ ਪਹਿਲੀ ਵਾਰ ਬੱਚਿਆਂ ਦੀ ਦੂਰਬੀਨ ਬਰੋਂਕੋਸਕੋਪੀ ਦੀ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ | ਪ੍ਰਬੰਧਕਾਂ ਨੇ ਇਹ ਵੀ ਦੱਸਿਆ ਕਿ ਬੀਬੀ ਕੌਲਾਂ ਜੀ ਹਸਪਤਾਲ, ਖਾਲਸਾ ਏਡ ਨਾਲ ਮਿਲ ਕੇ 5 ਹਜ਼ਾਰ ਤੋਂ ਵੱਧ ਮੁਫ਼ਤ ਡਾਇਲਸਿਸ ਕਰ ਚੁੱਕੇ ਹਨ ਅਤੇ ਗੁਰਦਿਆਂ ਦੇ ਮਰੀਜ਼ ਇਸ ਸੁਵਿਧਾ ਦਾ ਭਰਪੂਰ ਲਾਭ ਉਠਾ ਰਹੇ ਹਨ |