ਕਲਾਨੌਰ, 20 ਜੂਨ (ਪੁਰੇਵਾਲ)-ਸਥਾਨਕ ਕਸਬੇ ਦੇ ਮੁੱਖ ਬਾਜ਼ਾਰ 'ਚ ਸਥਿੱਤ ਸਟੇਟ ਬੈਂਕ ਆਫ ਇੰਡੀਆ ਦੇ ਗ੍ਰਾਹਕ ਸੇਵਾ ਕੇਂਦਰ 'ਚ ਬੀਤੀ ਰਾਤ ਚੋਰਾਂ ਵਲੋਂ ਸੰਨ੍ਹ ਲਗਾ ਕੇ ਕੀਮਤੀ ਸਾਮਾਨ ਚੋਰੀ ਕਰ ਲਿਆ ਗਿਆ | ਦੁਕਾਨ ਮਾਲਕ ਵਲੋਂ ਕਲਾਨੌਰ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਅਤੇ ਪੁਲਿਸ ਵਲੋਂ ਮੌਕਾ ਵੇਖ ਕੇ ਚੋਰਾਂ ਦੀ ਜਲਦ ਭਾਲ ਕਰਨ ਦਾ ਭਰੋਸਾ ਦਿੱਤਾ ਹੈ | ਜਾਣਕਾਰੀ ਸਾਂਝੀ ਕਰਦਿਆਂ ਸੁਖਦੇਵਪਾਲ ਸਿੰਘ ਨੇ ਦੱਸਿਆ ਕਿ ਉਹ ਸਟੇਟ ਬੈਂਕ ਆਫ ਇੰਡੀਆ ਦੇ ਗ੍ਰਾਹਕ ਸੇਵਾ ਕੇਂਦਰ, ਕਾਮਨ ਸਰਵਿਸ ਸੈਂਟਰ ਸਮੇਤ ਟੈਲੀਕਾਮ ਅਤੇ ਅਦਾਇਗੀਆਂ ਸਬੰਧੀ ਹੋਰ ਕੰਮ ਕਰ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਹੈ | ਉਨ੍ਹਾਂ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਵਲੋਂ ਆਪਣੀ ਦੁਕਾਨ ਬੰਦ ਕੀਤੀ ਅਤੇ ਜਦੋਂ ਸਵੇਰੇ ਆ ਕੇ ਵੇਖਿਆ ਤਾਂ ਦੁਕਾਨ ਦੀ ਪਿਛਲੀ ਕੰਧ ਨੂੰ ਚੋਰਾਂ ਵਲੋਂ ਸੰਨ੍ਹ ਲਗਾਈ ਹੋਈ ਸੀ | ਵੇਖਣ 'ਤੇ ਪਤਾ ਲੱਗਾ ਕਿ ਦੁਕਾਨ ਅੰਦਰੋਂ ਏ. ਟੀ. ਐਮ. ਮਸ਼ੀਨ, ਐਲ. ਸੀ. ਡੀ., ਡੀ. ਵੀ. ਆਰ. ਸਮੇਤ ਹੋਰ ਸਾਮਾਨ ਚੋਰੀ ਹੋਇਆ ਪਾਇਆ ਗਿਆ | ਉਨ੍ਹਾਂ ਦੱਸਿਆ ਕਿ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ ਹੈ | ਬਾਜਵਾ ਨੇ ਦੱਸਿਆ ਕਿ ਚੋਰੀ ਕਰਨ ਦੇ ਸਮੇਂ ਤੱਕ ਮਿਲੀ ਸੀ. ਸੀ. ਟੀ.ਵੀ. ਤੋਂ ਪਤਾ ਲਗਦਾ ਹੈ ਕਿ ਕੰਧ ਪਾੜ ਕੇ ਦੁਕਾਨ ਅੰਦਰ ਇਕ ਚੋਰ ਵੜਿਆ ਹੈ ਅਤੇ ਉਸ ਦੇ ਸਾਥੀ ਜੋ ਦੁਕਾਨ ਦੇ ਪਿਛਲੇ ਪਾਸੇ ਹਨ, ਵਲੋਂ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ | ਦੁਕਾਨਦਾਰ ਨੇ ਦੱਸਿਆ ਕਿ ਉਸ ਦੀ ਦੁਕਾਨ ਦੇ ਪਿਛਲੇ ਪਾਸੇ ਜ਼ਿਲ੍ਹਾ ਪ੍ਰੀਸ਼ਦ ਦੀ ਜਗ੍ਹਾ ਹੈ, ਜਿਸ ਵਿਚ ਕਾਫੀ ਗੰਦਗੀ, ਘਾਹ ਬੂਟੀ ਆਦਿ ਫੈਲੀ ਹੋਈ ਹੈ, ਜੋ ਛੁਪਣਗਾਹ ਬਣ ਜਾਂਦੀ ਹੈ ਤੇ ਅਮਲੀ, ਨਸ਼ੇੜੀ ਅਕਸਰ ਇਥੇ ਵੇਖੇ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਉਨ੍ਹਾਂ ਦੀ ਦੁਕਾਨ 'ਚ ਚੋਰੀ ਹੋਈ ਸੀ | ਬਾਜਵਾ ਨੇ ਦੱਸਿਆ ਕਿ ਕੋਈ ਭੇਤੀ ਚੋਰ ਹੈ ਜਿਸ ਵਲੋਂ ਪਹਿਲਾਂ ਦੁਕਾਨ ਦੀ ਰੇਕੀ ਕੀਤੀ ਗਈ ਅਤੇ ਜਿਸ ਜਗ੍ਹਾ ਤੋਂ ਕੰਧ ਖਾਲੀ ਸੀ, ਉਸ ਵਿੱਚ ਪਾੜ੍ਹ ਪਾਇਆ ਗਿਆ ਹੈ | ਦੁਕਾਨਦਾਰ ਬਾਜਵਾ ਅਤੇ ਨਾਲ ਸਥਿਤ ਹੋਰਨਾਂ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਚੋਰਾਂ ਦੀ ਤੁਰੰਤ ਭਾਲ ਕਰ ਕੇ ਇਨਸਾਫ ਦਿੱਤਾ ਜਾਵੇ |