ਪਠਾਨਕੋਟ, 20 ਜੂਨ (ਵਿਨੋਦ)-ਸੂਬੇ 'ਚੋਂ ਨਸ਼ੇ ਦੇ ਖ਼ਾਤਮੇ ਲਈ ਪੰਜਾਬ ਪੁਲਿਸ ਵਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਵੱਡੀਆਂ ਰਿਕਵਰੀਆਂ ਵੀ ਕੀਤੀਆਂ ਜਾ ਰਹੀਆਂ ਹਨ | ਇਸ ਦੇ ਚੱਲਦੇ ਜ਼ਿਲ੍ਹਾ ਪਠਾਨਕੋਟ ਵਿਖੇ ਪੰਜਾਬ ਪੁਲਿਸ ਵਲੋਂ ਆਪਰੇਸ਼ਨ ਸੀਲ ਤਹਿਤ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ 'ਤੇ ਕੁੱਲ 8 ਨਾਕੇ ਲਗਾਏ ਗਏ ਅਤੇ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ | ਦੱਸਦੇ ਚੱਲੀਏ ਕਿ ਇਹ ਨਾਕੇ ਲਗਾਉਣ ਦਾ ਮੁੱਖ ਮਕਸਦ ਇਹ ਸੀ ਕਿ ਜੇਕਰ ਬਾਹਰੀ ਸੂਬਿਆਂ ਤੋਂ ਕੋਈ ਸ਼ਖ਼ਸ ਪਠਾਨਕੋਟ ਵਿਖੇ ਨਸ਼ਾ ਲਿਆ ਕੇ ਵੇਚਦਾ ਹੈ ਤਾਂ ਉਸ ਨੂੰ ਫੜਿਆ ਜਾ ਸਕੇ ਅਤੇ ਪੁਲਿਸ ਦੀ ਇਸ ਪਹਿਲ ਕਦਮੀ ਦਾ ਪੁਲਿਸ ਨੂੰ ਫ਼ਾਇਦਾ ਵੀ ਹੋਇਆ ਅਤੇ ਕਈ ਥਾਵਾਂ 'ਤੇ ਪੁਲਿਸ ਨੂੰ ਰਿਕਵਰੀ ਹੋਈ ਹੈ ਅਤੇ ਪੁਲਿਸ ਵਲੋਂ ਐਨ. ਡੀ. ਪੀ. ਐਸ. ਤਹਿਤ ਮਾਮਲੇ ਵੀ ਦਰਜ ਕੀਤੇ ਗਏ ਹਨ | ਇਸ ਸਬੰਧੀ ਜਾਣਕਾਰੀ ਹੋਏ ਐਸ. ਐਸ. ਪੀ. ਪਠਾਨਕੋਟ ਨੇ ਦੱਸਿਆ ਕਿ ਅੱਜ ਆਪਰੇਸ਼ਨ ਸੀਲ ਦੇ ਤਹਿਤ ਜਿਨ੍ਹਾਂ ਜ਼ਿਲਿ੍ਹਆਂ ਨਾਲ ਬਾਹਰੀ ਸੂਬਿਆਂ ਦੀਆਂ ਸਰਹੱਦਾਂ ਲੱਗੀਆਂ ਹਨ, ਉਨ੍ਹਾਂ ਜ਼ਿਲਿ੍ਹਆਂ 'ਚ ਆਪਰੇਸ਼ਨ ਸੀਲ ਚਲਾਇਆ ਜਾ ਰਿਹਾ ਹੈ ਤਾਂ ਜੋ ਬਾਹਰੀ ਸੂਬਿਆਂ ਤੋਂ ਪੰਜਾਬ 'ਚ ਆ ਰਹੇ ਨਸ਼ੇ ਨੂੰ ਰੋਕਿਆ ਜਾ ਸਕੇ | ਉਨ੍ਹਾਂ ਦੱਸਿਆ ਕਿ ਇਸ ਤਹਿਤ ਪਠਾਨਕੋਟ ਵਿਖੇ ਵੱਖ-ਵੱਖ ਥਾਵਾਂ 'ਤੇ ਅੱਠ ਨਾਕੇ ਲਗਾਏ ਗਏ ਹਨ ਅਤੇ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਕਈ ਥਾਵਾਂ 'ਤੇ ਪੁਲਿਸ ਨੂੰ ਕਾਮਯਾਬੀ ਵੀ ਮਿਲੀ ਹੈ ਅਤੇ ਰਿਕਵਰੀ ਵੀ ਹੋਈ ਹੈ | ਜਿਸ ਦੇ ਚੱਲਦਿਆਂ ਦੋਸ਼ੀਆਂ 'ਤੇ ਐਨ. ਡੀ. ਪੀ. ਐਸ. ਤਹਿਤ ਮਾਮਲੇ ਵੀ ਦਰਜ ਕੀਤੇ ਜਾ ਰਹੇ ਹਨ |