ਸ਼ਾਹਪੁਰ ਕੰਢੀ, 21 ਜੂਨ (ਰਣਜੀਤ ਸਿੰਘ)-ਸਾਂਝਾ ਮੁਲਾਜ਼ਮ ਮੰਚ ਰਣਜੀਤ ਸਾਗਰ ਡੈਮ ਦੀ ਮੀਟਿੰਗ ਗੌਰਮਿੰਟ ਇੰਪਲਾਈਜ਼ ਯੂਨੀਅਨ ਕਲਾਸ ਫੋਰ ਦੇ ਪ੍ਰਧਾਨ ਰਾਮ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਿਕ ਸਟਾਫ਼ ਕਲੱਬ ਵਿਖੇ ਹੋਈ ਜਿਸ ਵਿਚ ਪੰਜਾਬ ਸਟੇਟ ਮਨਿਸਟੀਰੀਅਲ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਸੈਣੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ ਵਿਚ ਮਤਾ ਪਾ ਕੇ ਰਣਜੀਤ ਸਾਗਰ ਡੈਮ ਦੇ ਅਸਿਸਟੈਂਟ ਕੰਟਰੋਲਰ ਦੀ ਕਾਰਜ ਸ਼ੈਲੀ ਦੀ ਨਿੰਦਾ ਕੀਤੀ ਗਈ | ਪ੍ਰਧਾਨ ਰਾਮ ਸਿੰਘ ਨੇ ਦੱਸਿਆ ਕਿ ਇਹ ਅਧਿਕਾਰੀ ਦਰਜਾ ਚਾਰ ਕਰਮਚਾਰੀਆਂ ਦੇ ਜੀ. ਪੀ. ਫੰਡ ਦੇ ਬਿੱਲਾਂ ਦੀ ਸੈਕਸ਼ਨ 'ਤੇ ਹਸਤਾਖਰ ਨਹੀਂ ਕਰ ਰਿਹਾ | ਇਸ ਤੋਂ ਇਲਾਵਾ ਸੇਵਾ ਮੁਕਤ ਕਰਮਚਾਰੀਆਂ ਦੇ ਜੀ. ਪੀ. ਫੰਡ ਦੇ ਬਿੱਲ ਪਿਛਲੇ ਲੰਮੇ ਸਮੇਂ ਤੋਂ ਪੈਂਡਿੰਗ ਰੱਖੇ ਹੋਏ ਹਨ ਜਿਸ ਦੀ ਸ਼ਿਕਾਇਤ ਮੁੱਖ ਇੰਜੀਨੀਅਰ ਰਣਜੀਤ ਸਾਗਰ ਡੈਮ ਨੰੂ ਵੀ ਕੀਤੀ ਗਈ ਸੀ ਪਰ ਕੋਈ ਕਾਰਵਾਈ ਨਹੀਂ ਹੋਈ | ਹੁਣ ਇਸ ਸਬੰਧੀ ਮੁੱਖ ਇੰਜੀਨੀਅਰ ਨੰੂ 23 ਜੂਨ ਨੰੂ ਲਿਖਤੀ ਸ਼ਿਕਾਇਤ ਕੀਤੀ ਜਾਵੇਗੀ, ਜੇਕਰ ਇਕ ਹਫਤੇ ਅੰਦਰ ਕਾਰਵਾਈ ਨਹੀਂ ਹੋਈ ਤਾਂ ਮੁਲਾਜ਼ਮ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ | ਇਸ ਮੀਟਿੰਗ ਵਿਚ ਕਲੈਰੀਕਲ ਦੇ ਪ੍ਰਧਾਨ ਅਜੈ ਅਭਿਸ਼ੇਕ, ਸਾਂਝਾ ਮੁਲਾਜ਼ਮ ਮੰਚ ਦੇ ਕਨਵੀਨਰ ਰਾਜੀਵ ਅਵਸਥੀ, ਅਮਨਦੀਪ ਸਿੰਘ, ਹਰਜੀਤ ਸਿੰਘ ਆਦਿ ਆਗੂ ਹਾਜ਼ਰ ਸਨ |