ਪਠਾਨਕੋਟ, 17 ਅਕਤੂਬਰ (ਸੰਧੂ)-ਐਸ.ਸੀ.ਈ.ਆਰ.ਟੀ. ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪਠਾਨਕੋਟ ਵਿਚ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਦਾ ਸਾਇਕੋ ਮੈਟਿ੍ਕ ਟੈਸਟ ਕਰਵਾਇਆ ਜਾਣਾ ਹੈ | ਜਿਸ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਰਾਜੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਸਿੱਖਿਆ ਦਫ਼ਤਰ ਪਠਾਨਕੋਟ ਵਿਖੇ ਮੀਟਿੰਗ ਕੀਤੀ ਗਈ | ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਸਰਕਾਰੀ ਸਕੂਲਾਂ ਦੀਆਂ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਦਾ ਇਹ ਟੈਸਟ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋਵੇਗਾ ਤੇ 1552 ਵਿਦਿਆਰਥਣਾਂ ਦਾ ਇਹ ਟੈਸਟ ਕਰਵਾਇਆ ਜਾਵੇਗਾ | ਇਸ ਟੈਸਟ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਜ਼ਿਲ੍ਹਾ ਕਮੇਟੀ ਦਾ ਗਠਨ ਕੀਤਾ ਗਿਆ ਹੈ | ਜਿਸ 'ਚ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈ:) ਰਾਜੇਸ਼ ਕੁਮਾਰ, ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈ:) ਅਮਨਦੀਪ, ਜ਼ਿਲ੍ਹਾ ਗਾਈਡੈਂਸ ਕੋਆਰਡੀਨੇਟਰ ਪਰਵਿੰਦਰ ਸੈਣੀ ਸਮੇਤ 2 ਹੋਰ ਮੈਂਬਰ ਸ਼ਾਮਿਲ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਜੇਕਰ ਕੋਈ ਏਜੰਸੀ ਇਸ ਸਾਇਕੋ ਮੈਟਿ੍ਕ ਟੈਸਟ ਨੂੰ ਵਧੀਆ ਢੰਗ ਨਾਲ ਕਰਵਾਉਣ ਦੀ ਚਾਹਵਾਨ ਹੈ, ਤਾਂ ਉਹ 20 ਅਕਤੂਬਰ ਤੱਕ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਦਫ਼ਤਰ ਵਿਖੇ ਆਪਣੇ ਸਰਟੀਫਿਕੇਟ ਤੇ ਅਰਜ਼ੀਆਂ ਜਮਾਂ ਕਰਵਾ ਸਕਦੇ ਹਨ | ਇਸ ਮੌਕੇ ਡਿਪਟੀ ਡੀ.ਈ.ਓ (ਸੈ:) ਅਮਨਦੀਪ, ਜ਼ਿਲ੍ਹਾ ਗਾਈਡੈਂਸ ਕੌਂਸਲਰ ਪਰਵਿੰਦਰ ਸੈਣੀ ਮੌਜੂਦ ਸਨ |