ਬਟਾਲਾ, 17 ਅਕਤੂਬਰ (ਸਤਿੰਦਰ ਸਿੰਘ)-ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨਜ (ਏਕਟੂ) ਵਲੋਂ ਬਟਾਲਾ ਦੀਆਂ ਦਰਜਨ ਭਰ ਫੌਡਰੀਆਂ 'ਚ ਰੈਲੀਆਂ ਕਰਕੇ ਮੰਗ ਕੀਤੀ ਗਈ ਕਿ ਕਿਰਤ ਵਿਭਾਗ ਬਟਾਲਾ ਵਰਕਰਾਂ ਦੇ ਹਿੱਤ 'ਚ ਕਿਰਤ ਕਾਨੂੰਨਾਂ ਨੂੰ ਲਾਗੂ ਕਰਵਾਏ | ਰੈਲੀਆਂ ਨੂੰ ਸੰਬੋਧਨ ਕਰਦਿਆਂ ਏਕਟੂ ਦੇ ਸੂਬਾ ਸਕੱਤਰ ਗੁਲਜਾਰ ਸਿੰਘ ਭੁੰਬਲੀ ਤੇ ਏਕਟੂ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਬਖ਼ਤਪੁਰਾ ਨੇ ਕਿਹਾ ਕਿ ਬਟਾਲੇ ਦੇ ਫੌਂਡਰੀ ਮਜ਼ਦੂਰਾਂ ਲਈ ਬੋਨਸ, ਘੱਟੋ-ਘੱਟ ਉਜਰਤ, ਈ.ਐੱਸ.ਆਈ., ਪ੍ਰਾਵੀਡੈਂਟ ਫੰਡ ਤੇ ਛੁੱਟੀਆਂ ਆਦਿ ਕਿਰਤ ਕਾਨੂੰਨਾਂ ਨੂੰ ਲਾਗੂ ਕਰਵਾਉਣ ਲਈ ਇਨ੍ਹਾਂ ਮਹਿਕਮਿਆਂ ਸੰਬੰਧੀ ਅਧਿਕਾਰੀ ਕੋਈ ਯਤਨ ਨਹੀਂ ਕਰ ਰਹੇ, ਜਦੋਂ ਕਿ ਬਟਾਲੇ ਅੰਦਰ ਕਿਰਤ ਦਫ਼ਤਰ, ਈ.ਐੱਸ.ਆਈ., ਡਿਪਟੀ ਡਾਇਰੈਕਟਰ ਫੈਕਟਰੀ, ਗਰੈਚਟੀ ਤੇ ਪ੍ਰਾਵੀਡੈਂਟ ਫੰਡ ਬਾਬਤ ਦਫ਼ਤਰ ਕੰਮ ਕਰ ਰਹੇ ਹਨ, ਪਰ ਇਨ੍ਹਾਂ ਦਫ਼ਤਰਾਂ ਦੇ ਅਧਿਕਾਰੀ ਕਦੇ ਵੀ ਮਜ਼ਦੂਰਾਂ ਦੇ ਹਿੱਤਾਂ ਦੀ ਪੂਰਤੀ ਹਿੱਤ ਫੈਕਟਰੀਆਂ ਵਿਚ ਕਿਰਤ ਕਾਨੂੰਨਾਂ ਦੀ ਪਾਲਣਾ ਕਰਵਾਉਣ ਲਈ ਨਹੀਂ ਜਾਂਦੇ, ਰੈਲੀਆਂ ਵਿਚ ਸਭ ਫੈਕਟਰੀ ਮਜ਼ਦੂਰਾਂ ਦੇ ਰੇਟਾਂ ਵਿਚ 15 ਫ਼ੀਸਦੀ ਵਾਧਾ, 8:33 ਫ਼ੀਸਦੀ ਬੋਨਸ, ਹਾਜ਼ਰੀ ਲਗਾਉਣ, ਈ.ਐੱਸ.ਆਈ. ਤੇ ਸਰਵਿਸ ਕਾਨੂੰਨ ਲਾਗੂ ਕਰਨ ਦੀ ਮੰਗ ਕਰਦਿਆਂ ਬਟਾਲਾ ਦੀਆਂ ਫੌਂਡਰੀਆਂ ਨੂੰ ਪਹਾੜੀ ਰਾਜਾਂ ਦੀ ਤਰਜ਼ 'ਤੇ ਸਬਸਿਡੀਆਂ ਦੇਣ ਲਈ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ, ਵਰਕਰਾਂ ਨੂੰ ਦੀਵਾਲੀ ਤੋਂ ਪਹਿਲਾਂ-ਪਹਿਲਾਂ ਬੋਨਸ ਦੀ ਅਦਾਇਗੀ ਕਰਨ ਉਪਰ ਵੀ ਜ਼ੋਰ ਦਿੱਤਾ ਗਿਆ | ਰੈਲੀਆਂ ਦੋਰਾਨ ਪੰਜਾਬ ਦੀ ਮਾਨ ਸਰਕਾਰ ਦੀ ਅਲੋਚਨਾ ਕਰਦਿਆਂ ਆਗੂਆਂ ਕਿਹਾ ਕਿ ਭਿ੍ਸ਼ਟਾਚਾਰ ਰਹਿਤ ਅਤੇ ਸਾਫ਼-ਸੁਥਰਾ ਸ਼ਾਸਨ ਦੇਣ ਦੇ ਦਾਅਵਿਆਂ ਨਾਲ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਡੀ.ਆਈ.ਜੀ. ਪੱਧਰ ਦੇ ਪੁਲਿਸ ਅਫ਼ਸਰ ਹਰਚਰਨ ਸਿੰਘ ਭੁੱਲਰ ਦੀ ਗਿ੍ਫ਼ਤਾਰੀ ਦੌਰਾਨ ਪ੍ਰਾਪਤ ਹੋਈ ਨਗਦੀ, ਸੋਨਾ, ਸ਼ਰਾਬ ਅਤੇ ਵੱਡੀ ਜਾਇਦਾਦ ਦੇ ਮਿਲੇ ਕਾਗਜ਼ਾਤ ਨੇ ਮਾਨ ਸਰਕਾਰ ਦੇ ਭਿ੍ਸ਼ਟਾਚਾਰੀ ਹੋਣ ਦੇ ਦਾਅਵਿਆਂ ਦੇ ਪਾਜ ਉਦੇੜ ਕੇ ਰੱਖ ਦਿੱਤੇ ਹਨ | ਆਗੂਆਂ ਸੀ.ਬੀ.ਆਈ. ਵਲੋਂ ਭੁੱਲਰ ਤੋਂ ਹੋਰ ਪੁੱਛਗਿੱਛ ਲਈ ਕੋਈ ਪੁਲਿਸ ਰਿਮਾਂਡ ਨਾ ਮੰਗਣ ਉੱਪਰ ਹੈਰਾਨੀ ਪ੍ਰਗਟ ਕੀਤੀ ਤੇ ਕਿਹਾ ਕਿ ਇਨ੍ਹਾਂ ਕਾਰਨਾਂ ਦੀ ਜਾਂਚ ਹੋਣੀ ਚਾਹੀਦੀ ਹੈ | ਰੈਲੀਆਂ ਸਮੇ ਕੁਲਦੀਪ ਰਾਜੂ ਅਤੇ ਫੂਲ ਚੰਦ ਵੀ ਹਾਜ਼ਰ ਸਨ |