ਪਠਾਨਕੋਟ, 24 ਨਵੰਬਰ (ਸੰਧੂ)- ਪਠਾਨਕੋਟ ਵਿਚ ਕੀਤੀ ਗਈ ਪ੍ਰੈੱਸ ਵਾਰਤਾ ਵਿਚ ਪੰਜਾਬ ਕਾਂਗਰਸ ਦੇ ਖ਼ਜ਼ਾਨਚੀ ਅਤੇ ਸਾਬਕਾ ਵਿਧਾਇਕ ਅਮਿਤ ਵਿੱਜ ਨੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਪੰਜਾਬ ਨੂੰ ਰਾਜਨੀਤਿਕ, ਸੰਸਥਾਗਤ ਤੇ ਆਰਥਿਕ ਤੌਰ 'ਤੇ ਕਮਜ਼ੋਰ ਕਰਨ ਦੇ ਗੰਭੀਰ ਦੋਸ਼ ਲਗਾਏ | ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਲਈ ਵੱਖਰਾ ਲੈਫਟੀਨੈਂਟ ਗਵਰਨਰ ਨਿਯੁਕਤ ਕਰਨ ਦਾ ਕੇਂਦਰ ਦਾ ਫ਼ੈਸਲਾ ਪੰਜਾਬ ਦੇ ਇਤਿਹਾਸਕ ਅਧਿਕਾਰਾਂ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਹੈ, ਕਿਉਂਕਿ ਅਜੇ ਤੱਕ ਪੰਜਾਬ ਦੇ ਗਵਰਨਰ ਹੀ ਚੰਡੀਗੜ੍ਹ ਦੇ ਐਡਮਿਨਿਸਟ੍ਰੇਟਰ ਰਹਿੰਦੇ ਆਏ ਹਨ | ਉਨ੍ਹਾਂ ਨੇ ਕਿਹਾ ਕਿ ਹਰਿਆਣਾ ਲਈ ਚੰਡੀਗੜ੍ਹ ਵਿਚ ਵੱਖਰਾ ਵਿਧਾਨ ਸਭਾ ਭਵਨ ਮਨਜ਼ੂਰ ਕਰਨਾ, ਪੰਜਾਬ ਦੇ ਸਰਵਿਸ ਰੂਲ ਹਟਾ ਕੇ ਕੇਂਦਰੀ ਰੂਲ ਲਾਗੂ ਕਰਨਾ ਤੇ ਪੰਜਾਬੀ ਅਧਿਕਾਰੀਆਂ ਦੀ ਹਿੱਸੇਦਾਰੀ ਘਟਾ ਕੇ ਕੇਂਦਰ ਕੇਡਰ ਦੇ ਅਧਿਕਾਰੀ ਤਾਇਨਾਤ ਕਰਨਾ | ਇਹ ਸਾਰੇ ਕਦਮ ਚੰਡੀਗੜ੍ਹ ਨੂੰ ਪੰਜਾਬ ਤੋਂ ਦੂਰ ਕਰਨ ਦੀ ਸੋਚੀ-ਸਮਝੀ ਯੋਜਨਾ ਦਾ ਹਿੱਸਾ ਹਨ | ਅਮਿਤ ਵਿੱਜ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦੀ ਜ਼ਮੀਨ 'ਤੇ ਬਣਿਆ ਤੇ ਕਾਂਗਰਸ ਸਰਕਾਰਾਂ ਨੇ ਇਸ ਨੂੰ ਪੰਜਾਬ ਦੀ ਰਾਜਧਾਨੀ ਵਜੋਂ ਤਿਆਰ ਕੀਤਾ | ਇਸੇ ਹੀ ਤਰ੍ਹਾਂ ਕਾਂਗਰਸ ਨੇ ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਵੀ ਕੀਤੀ | ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਹੁਣ ਇਨ੍ਹਾਂ ਹੀ ਸੰਸਥਾਵਾਂ ਨੂੰ ਪੰਜਾਬੀਆਂ ਤੋਂ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ, ਚਾਹੇ ਉਹ ਪ੍ਰਸ਼ਾਸਨਿਕ ਕੰਟਰੋਲ ਹੋਵੇ ਜਾਂ ਪ੍ਰਬੰਧਨ 'ਚ ਕੇਂਦਰ ਦੀ ਦਖ਼ਲ ਅੰਦਾਜ਼ੀ | ਉਨ੍ਹਾਂ ਪੰਜਾਬ ਯੂਨੀਵਰਸਿਟੀ ਦੀ ਲੋਕਤੰਤਰਿਕ ਬਣਤਰ ਬਦਲ ਕੇ ਕੇਂਦਰੀਕਿ੍ਤ ਕੰਟਰੋਲ ਵਧਾਉਣ ਦੀਆਂ ਕੋਸ਼ਿਸ਼ਾਂ ਨੂੰ ਪੰਜਾਬ ਦੀ ਸੱਭਿਆਚਾਰਕ ਵਿਰਾਸਤ 'ਤੇ ਹਮਲਾ ਕਰਾਰ ਦਿੱਤਾ | ਅਮਿਤ ਵਿੱਜ ਨੇ ਕਿਹਾ ਕਿ ਪੰਜਾਬੀਆਂ ਨੂੰ ਫ਼ੈਸਲਾਕੁਨ ਕਦਮ ਚੁੱਕਦੇ ਹੋਏ ਬੀ.ਜੇ.ਪੀ. ਨੂੰ ਪੂਰੀ ਤਰ੍ਹਾਂ ਬਾਹਰ ਕਰਨਾ ਹੋਵੇਗਾ | ਉਨ੍ਹਾਂ ਕਿਹਾ ਕਿ ਚੰਡੀਗੜ੍ਹ 'ਤੇ ਸਿਰਫ਼ ਪੰਜਾਬ ਦਾ ਹੱਕ ਹੈ ਤੇ ਰਹੇਗਾ |