ਕਲਾਨੌਰ, 4 ਦਸੰਬਰ (ਪੁਰੇਵਾਲ)-ਸਥਾਨਕ ਕਸਬੇ 'ਚ ਯੂਥ ਆਗੂ ਹਰਮੀਤ ਸਿੰਘ ਜਿੰਮੀ ਕਾਹਲੋਂ ਦੇ ਦਫ਼ਤਰ ਵਿਖੇ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਵਰਕਰਾਂ ਦੀ ਹੰਗਾਮੀ ਮੀਟਿੰਗ ਹੋਈ | ਮੀਟਿੰਗ 'ਚ ਸੀਨੀਅਰ ਮੀਤ ਪ੍ਰਧਾਨ ਜਥੇ. ਸੁੱਚਾ ਸਿੰਘ ਛੋਟੇਪੁਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਦੌਰਾਨ ਸੂਬਾ ਸਰਕਾਰ ਦੀਆਂ ਧੱਕੇਸ਼ਾਹੀਆਂ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਜਥੇ. ਛੋਟੇਪੁਰ ਨੇ ਕਿਹਾ ਕਿ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਭਰੇ ਜਾ ਰਹੇ ਨਾਮਜ਼ਦਗੀ ਪੇਪਰਾਂ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੀਆਂ ਸਰਕਾਰਾਂ ਨੂੰ ਮਾਤ ਪਾਉਂਦਿਆਂ ਲੋਕਤੰਤਰ ਦਾ ਘਾਣ ਕਰਨ 'ਚ ਸਾਰੀਆਂ ਹੱਦਾਂ ਬੰਨੇ ਪਾਰ ਕਰ ਦਿੱਤੇ ਹਨ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਇਸ਼ਾਰਿਆਂ 'ਤੇ ਪੁਲਿਸ ਵਲੋਂ ਨਾਮਜ਼ਦਗੀ ਭਰਨ ਵਾਲੇ ਦਫ਼ਤਰਾਂ ਤੇ ਮਾਰਗਾਂ 'ਤੇ ਸੈਂਕੜੇ ਕਰਮਚਾਰੀ ਲਗਾ ਕੇ ਕਰਫਿਊ ਵਰਗੇ ਹਾਲਾਤ ਪੈਦਾ ਕੀਤੇ ਹਨ | ਜਥੇ. ਛੋਟੇਪੁਰ ਨੇ ਕਿਹਾ ਕਿ ਚੋਣ ਪ੍ਰਕਿਰਿਆ ਦੌਰਾਨ ਆਮ ਆਦਮੀ ਪਾਰਟੀ ਦੇ ਲੀਡਰ ਦਫ਼ਤਰਾਂ 'ਚ ਬੈਠੇ ਹੋਏ ਹਨ ਤੇ ਵਿਰੋਧੀ ਪਾਰਟੀਆਂ ਦੇ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣ ਲੜਨ ਦੀ ਤਿਆਰੀ ਕਰ ਚੁੱਕੇ ਉਮੀਦਵਾਰਾਂ ਨੂੰ ਲੋੜੀਂਦੇ ਦਸਤਾਵੇਜ਼ ਮੁਹੱਈਆ ਨਹੀਂ ਹੋ ਰਹੇ, ਜਿਸ ਕਾਰਨ ਆਮ ਆਦਮੀ ਪਾਰਟੀ ਨੇ ਲੋਕਤੰਤਰ ਦਾ ਘਾਣ ਕਰ ਕੇ ਰੱਖ ਦਿੱਤਾ ਹੈ | ਜਥੇ. ਛੋਟੇਪੁਰ ਨੇ ਕਿਹਾ ਕਿ ਜਦੋਂ ਵੀ ਸਰਕਾਰਾਂ ਨੇ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ, ਪੰਜਾਬ ਦੀ ਜਨਤਾ ਨੇ ਮੂੰਹ ਤੋੜਵਾਂ ਜੁਆਬ ਦਿੱਤਾ ਹੈ | ਇਸ ਮੌਕੇ ਜਥੇ. ਛੋਟੇਪੁਰ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਵਲੋਂ ਚੋਣਾਂ ਦੌਰਾਨ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਦਾ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ | ਇਸ ਮੌਕੇ ਹਰਮੀਤ ਸਿੰਘ ਜਿੰਮੀ ਕਾਹਲੋਂ, ਸਵਿੰਦਰ ਸਿੰਘ ਘੁੰਮਣ, ਅਮਨਦੀਪ ਸਿੰਘ ਕੋਟ ਸੰਤੋਖ ਰਾਏ, ਸੂਬੇਦਾਰ ਸੁਰਿੰਦਰਪਾਲ ਸਿੰਘ ਭੰਡਵਾਂ, ਫ਼ੌਜੀ ਚੈਨ ਸਿੰਘ ਸਪਰਾਏਕੋਠੀ, ਬੌਬੀ ਸਿੰਘ ਅਵਾਨ, ਸੂਬੇਦਾਰ ਗੁਰਬਚਨ ਸਿੰਘ, ਰਘਬੀਰ ਸਿੰਘ ਜੌੜਾ, ਕੈਪਟਨ ਸੁਖਵਿੰਦਰ ਸਿੰਘ, ਗੁਲਾਬ ਸਿੰਘ ਲੋਪਾ, ਜਗੀਰ ਸਿੰਘ ਕੋਟਲਾ, ਰਣਜੀਤ ਸਿੰਘ ਮਾਨ, ਨਿਹੰਗ ਸਿੰਘ, ਗੁਲਜਾਰ ਸਿੰਘ, ਨਰਿੰਦਰ ਸਿੰਘ, ਬਾਵਾ ਸਿੰਘ ਰੋਸਾ, ਪਾਲ ਸਿੰਘ, ਬਾਬਾ ਦਲਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ |