ਫ਼ਾਜ਼ਿਲਕਾ, 16 ਜੂਨ (ਅਮਰਜੀਤ ਸ਼ਰਮਾ)-ਗੌਰਮਿੰਟ ਲੈਕਚਰਾਰ ਪ੍ਰਮੋਸ਼ਨ ਫ਼ਰੰਟ ਪੰਜਾਬ ਦੀ ਇਕਾਈ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਬਠਿੰਡਾ ਅਤੇ ਮੁਕਤਸਰ ਦੀ ਜ਼ੂਮ ਮੀਟਿੰਗ ਜ਼ਿਲ੍ਹਾ ਫ਼ਾਜ਼ਿਲਕਾ ਦੇ ਫ਼ਰੰਟ ਦੇ ਪ੍ਰਧਾਨ ਨਰੋਤਮ ਨੱਢਾ ਦੀ ਪ੍ਰਧਾਨਗੀ ਵਿਚ ਹੋਈ | ਜਿਸ ਵਿਚ ਇਸ ਇਲਾਕੇ ਵਿਚ ਵਿੱਦਿਅਕ ਭਿ੍ਸ਼ਟਾਚਾਰ 'ਤੇ ਸਿੱਖਿਆ ਸੁਧਾਰ ਦੇ ਮਸਲਿਆਂ 'ਤੇ ਚਰਚਾ ਕੀਤੀ ਗਈ | ਇਸ ਮੀਟਿੰਗ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੈਡਮ ਸਤਿੰਦਰਜੀਤ ਕੌਰ ਨੇ ਦੱਸਿਆ ਕਿ ਅਧਿਆਪਨ ਇਕ ਪਵਿੱਤਰ ਕਾਰਜ ਹੈ | ਜਿਸ 'ਚ ਉਨ੍ਹਾਂ ਹੀ ਲੋਕਾਂ ਨੂੰ ਪ੍ਰਵੇਸ਼ ਕਰਨਾ ਚਾਹੀਦਾ ਹੈ ਜੋ ਸੇਵਾ ਭਾਵ ਰੱਖਦੇ ਹਨ, ਵਿਦਿਆਰਥੀਆਂ ਨੂੰ ਦੇਸ਼ ਦੇ ਸਰਮਾਏ ਵਜੋਂ ਜਾਣਦੇ ਹਨ, ਅਧਿਆਪਨ ਨੂੰ ਡਿਊਟੀ ਨਹੀਂ, ਸਗੋਂ ਇਕ ਮਿਸ਼ਨ ਦੇ ਤੌਰ 'ਤੇ ਲੈਂਦੇ ਹਨ ਅਤੇ ਵਿਦਿਆਰਥੀਆਂ ਦੇ ਇਕ ਸਮਾਨ ਸਰਵਪੱਖੀ ਵਿਕਾਸ ਲਈ ਯਤਨਸ਼ੀਲ ਹੁੰਦੇ ਹਨ | ਪਰ ਪਿਛਲੇ ਕੁੱਝ ਸਮੇਂ ਤੋਂ ਫ਼ਰੰਟ ਦੇ ਧਿਆਨ ਵਿਚ ਆਇਆ ਹੈ ਕਿ ਕੁੱਝ ਨਿੱਜਮੁਖੀ, ਅਖੌਤੀ ਗਿਆਨਵਾਨ, ਧਨ ਕੁਬੇਰ ਅਤੇ ਅਧਿਆਪਨ ਦੀ ਆਤਮਾ ਦੇ ਦੋਖੀ ਵਿਅਕਤੀ ਅਧਿਆਪਨ ਦੇ ਕਿੱਤੇ ਨੂੰ ਕਲੰਕਿਤ ਕਰ ਰਹੇ ਹਨ | ਅਜਿਹੇ ਅਧਿਆਪਕ ਸਰਕਾਰੀ ਅਧਿਆਪਨ ਸੇਵਾ ਦਾ ਲੁਤਫ਼ ਮਾਣਦੇ ਹੋਏ ਵਿਦਿਆਰਥੀਆਂ ਨੂੰ ਸਕੂਲ ਵਿਚ ਪੜ੍ਹਾਉਣ ਦੀ ਜਗ੍ਹਾ ਟਿਊਸ਼ਨ ਸੈਂਟਰਾਂ ਜਾਂ ਪ੍ਰਾਈਵੇਟ ਸਿੱਖਿਆ ਅਕਾਦਮੀਆਂ ਵੱਲ ਧੱਕ ਰਹੇ ਹਨ | ਖ਼ਾਸ ਤੌਰ 'ਤੇ ਬਠਿੰਡਾ, ਫ਼ਿਰੋਜ਼ਪੁਰ ਤੇ ਫ਼ਾਜ਼ਿਲਕਾ ਜ਼ਿਲਿ੍ਹਆਂ ਵਿਚ ਇਸ ਨਾਜਾਇਜ਼ ਕਮਾਈ ਦਾ ਬਾਜ਼ਾਰ ਗਰਮ ਹੈ | ਜਿਨ੍ਹਾਂ ਦਾ ਮਕਸਦ ਸਿਰਫ਼ 'ਤੇ ਸਿਰਫ਼ ਪੈਸਾ ਕਮਾਉਣਾ ਹੈ | ਪੰਜਾਬ ਸਰਕਾਰ ਸਿੱਖਿਆ ਵਿਭਾਗ ਵਲ਼ੋਂ ਅਧਿਆਪਕਾਂ ਨੂੰ ਟਿਊਸ਼ਨ ਸੈਂਟਰ ਚਲਾਉਣ, ਅਖੌਤੀ ਵਿੱਦਿਅਕ ਅਕੈਡਮੀਆਂ ਚਲਾਉਣ ਜਾਂ ਅਜਿਹੀਆਂ ਸੰਸਥਾਵਾਂ ਵਿਚ ਕੰਮ ਕਰਨ ਤੋਂ ਵਰਜਿਆ ਗਿਆ ਹੈ | ਜੋ ਵਿਦਿਆਰਥੀਆਂ ਨੂੰ ਵੱਖ-ਵੱਖ ਢੰਗਾਂ ਨਾਲ਼ ਲੁਭਾਉਂਦੀਆਂ 'ਤੇ ਲੁੱਟਦੀਆਂ ਹਨ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਅਜਿਹੇ ਅਧਿਆਪਕ ਕੋਈ ਨਾ ਕੋਈ ਬਹਾਨਾ ਕਰਕੇ ਸਕੂਲਾਂ ਵਿਚ ਨਹੀਂ ਵੜਦੇ ਤੇ ਆਨ ਡਿਊਟੀ 'ਤੇ ਰਹਿੰਦੇ ਹਨ ਜਿਨ੍ਹਾਂ ਦੀਆਂ ਜਮਾਤਾਂ ਸਕੂਲ ਵਿਚ ਰਹਿ ਗਏ ਅਧਿਆਪਕਾ ਨੂੰ ਲਗਾਉਣੀਆਂ ਪੈਂਦੀਆਂ ਹਨ | ਜਿਸ ਨਾਲ਼ ਇਮਾਨਦਾਰ ਅਧਿਆਪਕਾਂ 'ਤੇ ਪੜ੍ਹਾਈ ਅਤੇ ਸਕੂਲ ਸੰਭਾਲ ਦਾ ਬੋਝ ਵਧਦਾ ਹੈ | ਜੇਕਰ ਕੋਈ ਅਧਿਆਪਕ ਅਜਿਹੇ ਵਰਤਾਰੇ ਵਿਰੁੱਧ ਆਵਾਜ਼ ਉਠਾਉਂਦਾ ਹੈ ਤਾਂ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ | ਇਸ ਮੀਟਿੰਗ ਵਿਚ ਸਾਰੇ ਮੈਂਬਰਾਂ ਨੇ ਸਰਵਸੰਮਤੀ ਨਾਲ਼ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਪਾਸੋਂ ਮੰਗ ਕੀਤੀ ਕਿ ਸਰਕਾਰੀ ਸੇਵਾ ਵਿਚ ਹੁੰਦੇ ਹੋਏ ਸਰਕਾਰੀ ਸਕੂਲਾਂ ਵਿਚ ਨਾ ਪੜ੍ਹਾ ਕੇ ਟਿਊਸ਼ਨ ਸੈਂਟਰ ਚਲਾਉਣ, ਅਕੈਡਮੀਆਂ ਚਲਾਉਣ 'ਤੇ ਇਨ੍ਹਾਂ ਵਿਚ ਕੰਮ ਕਰਨ ਵਾਲੇ ਅਜਿਹੇ ਨਿਕੰਮੇ ਅਤੇ ਕੋਝੇ ਅਧਿਆਪਕਾਂ ਦੀ ਸ਼ਨਾਖ਼ਤ ਕੀਤੀ ਜਾਵੇ ਅਤੇ ਇਹਨਾਂ ਨੂੰ ਸਰਕਾਰੀ ਸੇਵਾ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ | ਇਸ ਮੀਟਿੰਗ 'ਚ ਮੈਡਮ ਅੰਜਨਾ ਲੈਕਚਰਾਰ ਅੰਗਰੇਜ਼ੀ, ਲੈਕਚਰਾਰ ਅਮਿੱਤ ਅਰੋੜਾ, ਅਰਵਿੰਦ ਕੁਮਾਰ ਹਿੰਦੀ ਲੈਕਚਰਾਰ, ਸ਼ੰਕਰ ਲਾਲ ਹਿੰਦੀ ਲੈਕਚਰਾਰ, ਲੈਕਚਰਾਰ ਕੁਲਵਿੰਦਰ ਸਿੰਘ, ਲੈਕਚਰਾਰ ਗੁਰਮੀਤ ਸਿੰਘ, ਲੈਕਚਰਾਰ ਬਾਬੂ ਸਿੰਘ, ਲੈਕਚਰਾਰ ਪੁਸ਼ਪੇਸ਼ ਕੁਮਾਰ 'ਤੇ ਹੋਰ ਹਾਜ਼ਰ ਸਨ |