ਫ਼ਾਜ਼ਿਲਕਾ, 16 ਅਕਤੂਬਰ (ਦਵਿੰਦਰ ਪਾਲ ਸਿੰਘ)- ਹਲਕਾ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਫ਼ਾਜ਼ਿਲਕਾ ਦੀ ਗਊਸ਼ਾਲਾ ਰੋਡ ਵਿਖੇ ਜਾ ਕੇ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ | ਇਸ ਦੌਰਾਨ ਉਨ੍ਹਾਂ ਦੀਵਾਲੀ ਦੇ ਪਾਵਨ ਤਿਉਹਾਰ ਦੀਆਂ ਦੁਕਾਨਦਾਰਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸਭਨਾਂ ਲਈ ਖ਼ੁਸ਼ੀਆਂ ਭਰਿਆ ਹੋਵੇ | ਵਿਧਾਇਕ ਸਵਨਾ ਵਲੋਂ ਸ਼ਹਿਰ ਵਿਚ ਘੁੰਮ ਕੇ ਦੁਕਾਨਦਾਰਾਂ ਨੂੰ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਉਨ੍ਹਾਂ ਦੇ ਜੀਵਨ ਵਿਚ ਖ਼ੁਸ਼ੀਆਂ ਲੈ ਕੇ ਆਏ | ਉਨ੍ਹਾਂ ਕਿਹਾ ਕਿ ਤਿਉਹਾਰ ਮੌਕੇ ਉਨ੍ਹਾਂ ਦੁਕਾਨਦਾਰੀ ਦਾ ਸੀਜ਼ਨ ਵਧੀਆ ਰਹੇ ਤੇ ਸਾਮਾਨ ਦੀ ਖ਼ੂਬ ਵਿੱਕਰੀ ਹੋਵੇ ਤਾਂ ਜੋ ਉਹ ਤਿਉਹਾਰ ਨੂੰ ਵਧੀਆ ਢੰਗ ਨਾਲ ਮਨਾ ਸਕਣ | ਉਨ੍ਹਾਂ ਇਸ ਮੌਕੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਵਪਾਰ ਨਾਲ ਸਬੰਧਿਤ ਜਾਂ ਹੋਰ ਮੁੱਢਲੀਆਂ ਸਹੂਲਤਾਂ ਨਾਲ ਸਬੰਧਿਤ ਜੋ ਦਿੱਕਤਾਂ ਪੇਸ਼ ਆਉਂਦੀਆਂ ਹਨ ਉਨ੍ਹਾਂ ਦਾ ਮੌਕੇ 'ਤੇ ਨਿਪਟਾਰਾ ਕੀਤਾ | ਉਨ੍ਹਾਂ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਭਰੋਸਾ ਦਵਾਇਆ ਕਿ ਉਹ ਸ਼ਹਿਰ ਦੇ ਵਿਕਾਸ ਤੇ ਵਪਾਰ ਵਰਗ ਨੂੰ ਆਰਥਿਕ ਪੱਖੋਂ ਉੱਚਾ ਚੁੱਕਣ ਲਈ ਲਗਾਤਾਰ ਕਾਰਜਸ਼ੀਲ ਹਨ | ਇਸ ਮੌਕੇ ਟਰੇਡ ਵਿੰਗ ਦੇ ਪ੍ਰਧਾਨ ਲਵੀਸ਼ ਚਾਵਲਾ, ਸ਼ਹਿਰ ਦੇ ਬਲਾਕ ਪ੍ਰਧਾਨ ਸ਼ਿਵ ਜਜੋਰੀਆ, ਕਿ੍ਸ਼ਨ ਕੰਬੋਜ, ਯੋਗੇਸ਼ ਕੁਮਾਰ, ਸ਼ਾਮ ਲਾਲ ਗਾਂਧੀ, ਸੰਦੀਪ ਚਲਾਣਾ, ਬੰਸੀ ਸਾਮਾਂ, ਰਾਜਨ ਸੇਤੀਆ, ਬਿੱਟੂ ਸੇਤੀਆ, ਗੋਪਾਲ ਅਗਰਵਾਲ ਆਦਿ ਹਾਜ਼ਰ ਸਨ |