ਜ਼ੀਰਾ, 17 ਅਕਤੂਬਰ (ਹਰਜੀਤ ਸਿੰਘ ਗਿੱਲ) - ਬਹੁਤੇ ਕਿਸਾਨਾਂ ਦਾ ਇਹੀ ਕਹਿਣਾ ਹੈ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਬਿਨਾਂ ਇਸ ਦਾ ਕੋਈ ਵੀ ਹੱਲ ਨਹੀਂ ਹੈ | ਇਸ ਪਰਾਲੀ ਕਰਕੇ ਕਿਸਾਨਾਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਲਈ ਸਰਕਾਰ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਪਰ ਜ਼ੀਰਾ ਦੇ ਨਜ਼ਦੀਕ ਪਿੰਡ ਗਾਦੜੀਵਾਲੇ ਦਾ ਕਿਸਾਨ ਅਮਰਜੀਤ ਸਿੰਘ ਗਿੱਲ ਇਹ ਪਰਾਲੀ ਸਾੜਨ ਦੀ ਬਜਾਏ ਖੇਤ ਵਿਚ ਹੀ ਵਾਹ ਰਿਹਾ ਹੈ | ਇਸ ਸਬੰਧ ਵਿਚ ਜਦੋਂ ਅਮਰਜੀਤ ਸਿੰਘ ਗਿੱਲ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਅਗਾਂਹਵਧੂ ਕਿਸਾਨ ਨੇ ਦੱਸਿਆ ਕਿ ਅਸੀਂ ਪਿਛਲੇ 6 ਸਾਲਾਂ ਤੋਂ ਇਹ ਤਜਰਬਾ ਕਰਨਾ ਸ਼ੁਰੂ ਕੀਤਾ ਹੈ ਜੋ ਕਿ ਪੂਰੀ ਤਰ੍ਹਾਂ ਸਫਲ ਹੈ | ਉਸ ਨੇ ਦੱਸਿਆ ਕਿ ਪਹਿਲਾਂ ਦੋ ਕੁ ਸਾਲ ਖੇਤ ਵਿਚੋਂ ਪਰਾਲੀ ਦੀਆਂ ਗੱਠਾਂ ਚੁਕਵਾਇਆ ਕਰਦੇ ਸੀ ਪਰ ਹੁਣ ਚਾਰਾਂ ਕੁ ਸਾਲਾਂ ਤੋਂ ਇਹ ਪਰਾਲੀ ਖੇਤ ਵਿਚ ਹੀ ਵਾਹ ਰਹੇ ਹਾਂ | ਉਸ ਨੇ ਕਿਹਾ ਕਿ ਪਹਿਲਾਂ ਅਸੀਂ 10-12 ਏਕੜ ਵਿੱਚ ਹੀ ਪਰਾਲੀ ਵਾਹਿਆ ਕਰਦੇ ਸੀ ਪਰ ਇਹ ਤਜਰਬਾ ਸਫਲ ਹੋਣ ਪਿੱਛੋਂ ਹੁਣ ਸਾਰੀ ਜ਼ਮੀਨ 36 ਏਕੜ ਵਿੱਚ ਹੀ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਦੋ ਵਾਰ ਸੁਪਰ ਸੀਡਰ ਮਾਰ ਕੇ ਇਸ ਨੂੰ ਖੇਤ ਵਿੱਚ ਹੀ ਵਾਹ ਰਹੇ ਹਾਂ | ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਵਲੋਂ ਅਜਿਹੇ ਅਗਾਂਹ ਵਧੂ ਕਿਸਾਨਾਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਜੋ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨ ਵੀ ਅਜਿਹੇ ਅਗਾਂਹਵਧੂ ਕਿਸਾਨਾਂ ਤੋਂ ਪ੍ਰੇਰਨਾ ਲੈ ਸਕਣ | ਇਸ ਮੌਕੇ ਲਵਪ੍ਰੀਤ ਸਿੰਘ ਗਿੱਲ ਤੇ ਜਸਪ੍ਰੀਤ ਸਿੰਘ ਗਿੱਲ ਵੀ ਹਾਜ਼ਰ ਸਨ |