ਮੰਡੀ ਅਰਨੀਵਾਲਾ, 22 ਅਕਤੂਬਰ (ਨਿਸ਼ਾਨ ਸਿੰਘ ਮੋਹਲ਼ਾ)- ਫ਼ਾਜ਼ਿਲਕਾ ਪੁਲਿਸ ਵਲੋਂ ਕਾਸੋਂ ਅਪਰੇਸ਼ਨ ਤਹਿਤ ਅਰਨੀਵਾਲਾ ਪੁਲਿਸ ਥਾਣਾ ਅਧੀਨ ਪੈਂਦੇ ਸ਼ੱਕੀ ਇਲਾਕੇ ਵਿੱਚ ਸਰਚ ਅਪਰੇਸ਼ਨ ਚਲਾਇਆ ਗਿਆ | ਇਹ ਸਰਚ ਅਪਰੇਸ਼ਨ ਗੁਰਸੇਵਕ ਸਿੰਘ ਬਰਾੜ ਡੀ.ਐੱਸ.ਪੀ. ਸਬ ਡਿਵੀਜ਼ਨ ਜਲਾਲਾਬਾਦ ਦੀ ਅਗਵਾਈ ਹੇਠ ਚਲਾਇਆ ਗਿਆ ਜਿਸ ਵਿੱਚ ਪੁਲਿਸ ਥਾਣਾ ਅਰਨੀਵਾਲਾ ਦੇ ਐਸ.ਐਚ.ਓ. ਸਚਿਨ ਕੰਬੋਜ, ਪੁਲਿਸ ਥਾਣਾ ਅਮੀਰ ਖ਼ਾਸ ਦੇ ਐੱਸ.ਐੱਚ.ਓ. ਗੁਰਿੰਦਰ ਸਿੰਘ, ਪੁਲਿਸ ਥਾਣਾ ਵੈਰੋਕੇ ਦੇ ਐੱਸ.ਐੱਚ.ਓ. ਪਰਮਜੀਤ ਸਿੰਘ ਸਮੇਤ ਪੁਲਿਸ ਪਾਰਟੀ, ਸਬ-ਡਿਵੀਜ਼ਨ ਜਲਾਲਾਬਾਦ ਦੀ ਪੁਲਿਸ ਤੇ ਇੱਕ ਆਰ.ਏ.ਪੀ. ਟੀਮ ਸ਼ਾਮਿਲ ਸੀ | ਪੁਲਿਸ ਵਲੋਂ ਢਾਣੀ ਚੰਡੀਗੜ੍ਹ ਡੱਬਵਾਲਾ ਰੋਡ ਅਰਨੀ ਵਾਲਾ ਤੇ ਹੋਰ ਥਾਵਾਂ 'ਤੇ ਚੈਕਿੰਗ ਕੀਤੀ ਗਈ | ਸਰਚ ਅਪਰੇਸ਼ਨ ਦਰਮਿਆਨ ਪੁਲਿਸ ਨੂੰ ਕੋਈ ਇਤਰਾਜ਼ਯੋਗ ਸਮਗਰੀ ਨਹੀਂ ਮਿਲੀ | ਡੀ.ਐੱਸ.ਪੀ. ਗੁਰਸੇਵਕ ਸਿੰਘ ਬਰਾੜ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪੁਲਿਸ ਵਲੋਂ ਸਮੇਂ-ਸਮੇਂ ਸਿਰ ਅਜਿਹੇ ਅਪਰੇਸ਼ਨ ਚਲਾਏ ਜਾਂਦੇ ਹਨ |