ਅਬੋਹਰ, 23 ਅਕਤੂਬਰ (ਵਿਵੇਕ ਹੂੜੀਆ)- ਅਬੋਹਰ ਦੀ ਮੰਡੀ ਨੰਬਰ ਦੋ ਵਿਚ ਪੀ.ਐਨ.ਬੀ. ਬੈਂਕ ਦੇ ਅਧਿਕਾਰੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਇਕ ਦੁਕਾਨ ਦਾ ਕਬਜ਼ਾ ਬੈਂਕ ਅਧਿਕਾਰੀਆਂ ਨੂੰ ਸੌਂਪ ਦਿੱਤਾ ਅਤੇ ਦੁਕਾਨ ਨੂੰ ਸੀਲ ਕਰ ਦਿੱਤਾ | ਦੱਸਿਆ ਜਾ ਰਿਹਾ ਹੈ ਕਿ ਦੁਕਾਨਦਾਰ ਨੇ ਉਕਤ ਦੁਕਾਨ 'ਤੇ ਬੈਂਕ ਤੋਂ ਕਰਜ਼ ਲਿਆ ਸੀ ਪਰ ਕਰਜ਼ ਅਦਾ ਨਾ ਕਰਨ ਕਾਰਨ ਬੈਂਕ ਨੇ ਅਦਾਲਤ ਵਿਚ ਕੇਸ ਦਾਇਰ ਕੀਤਾ | ਜੋ ਬੈਂਕ ਦੇ ਹੱਕ ਵਿਚ ਸੀ ਤੇ ਪ੍ਰਸ਼ਾਸਨ ਨੇ ਕਬਜ਼ਾ ਬੈਂਕ ਨੂੰ ਦਵਾਇਆ | ਜਾਣਕਾਰੀ ਅਨੁਸਾਰ ਸਿਟੀ ਵਨ ਦੇ ਇਕ ਦਰਜਨ ਪੁਲਿਸ ਕਰਮਚਾਰੀ, ਨਾਇਬ ਤਹਿਸੀਲਦਾਰ ਅਤੇ ਬੈਂਕ ਦੇ ਕੁੱਝ ਅਧਿਕਾਰੀ ਲੱਕੜ ਮੰਡੀ ਨੇੜੇ ਸਥਿਤ ਵਿਜੇ ਟਰੇਡਿੰਗ ਕੰਪਨੀ ਪਹੁੰਚੇ ਤੇ ਸ਼ਾਂਤੀ ਨਾਲ ਗੱਲਬਾਤ ਕਰਨ ਤੋਂ ਬਾਅਦ ਦੁਕਾਨਦਾਰਾਂ ਨੂੰ ਦੁਕਾਨ ਖ਼ਾਲੀ ਕਰਨ ਲਈ ਕਿਹਾ ਪਰ ਜਦੋਂ ਦੁਕਾਨਦਾਰ ਸਹਿਮਤ ਨਹੀਂ ਹੋਏ ਤਾਂ ਪੁਲਿਸ ਪ੍ਰਸ਼ਾਸਨ ਨੇ ਸਖ਼ਤ ਰੁਖ਼ ਅਪਣਾਉਂਦੇ ਹੋਏ ਦੁਕਾਨਦਾਰਾਂ ਨੂੰ ਦੁਕਾਨ ਤੋਂ ਬਾਹਰ ਕੱਢ ਦਿੱਤਾ ਤੇ ਦੁਕਾਨ ਦਾ ਕਬਜ਼ਾ ਬੈਂਕ ਨੂੰ ਦਵਾਇਆ | ਇੱਥੇ ਦੁਕਾਨ ਮਾਲਕ ਵਿਜੇ ਕੁਮਾਰ ਦੇ ਭਰਾ ਜਗਤ ਨੇ ਪੁਲਿਸ ਤੇ ਪ੍ਰਸ਼ਾਸਨ 'ਤੇ ਪਰੇਸ਼ਾਨੀ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸ ਨੇ ਆਪਣੇ ਦੁਆਰਾ ਲਿਆ ਗਿਆ ਕਰਜ਼ਾ ਅਦਾ ਕਰ ਦਿੱਤਾ ਹੈ ਤੇ ਅੱਜ ਵੀ ਉਸ ਨੇ ਬੈਂਕ ਡਰਾਫ਼ਟ ਰਾਹੀਂ ਭੁਗਤਾਨ ਕੀਤਾ ਸੀ ਪਰ ਬੈਂਕ ਨੇ ਇਸ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ | ਇਸ ਦੁਕਾਨ ਨੂੰ ਲੈ ਕੇ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ | ਇਸ ਦੇ ਬਾਵਜੂਦ ਪੁਲਿਸ ਨੇ ਦੁਕਾਨ ਦਾ ਕਬਜ਼ਾ ਜ਼ਬਰਦਸਤੀ ਬੈਂਕ ਨੂੰ ਦਵਾ ਦਿੱਤਾ |