ਅੰਮਿ੍ਤਸਰ, 15 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਦੇ ਵਿੱਦਿਆਰਥੀਆਂ ਅਤੇ ਸਟਾਫ਼ ਨੇ ਪਿ੍ੰ: ਡਾ. ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਰਾ ਦਿਨ ਸੇਵਾ ਨਿਭਾਈ | ਇਸ ਦੌਰਾਨ ਪਿ੍ੰ: ਡਾ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਦੇ ਹੁਕਮਾਂ ਅਨੁਸਾਰ ਸਕੱਤਰ ਵਿੱਦਿਆ ਸੁਖਮਿੰਦਰ ਸਿੰਘ ਤੇ ਡਿਪਟੀ ਡਾਇਰੈਕਟਰ ਵਿੱਦਿਆ ਬੀਬੀ ਸਤਵੰਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੀਆਂ ਵਿੱਦਿਅਕ ਸੰਸਥਾਵਾਂ ਦੇ ਸਟਾਫ਼ ਤੇ ਵਿਦਿਆਰਥੀਆਂ ਅੰਦਰ ਸੇਵਾ ਭਾਵਨਾ ਪੈਦਾ ਕਰਨ ਲਈ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਇਕ ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਨ ਦਾ ਅਨੋਖਾ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਸ ਦੇ ਤਹਿਤ ਅੱਜ ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਦੇ ਲਗਪਗ 100 ਵਿੱਦਿਆਰਥੀ ਅਤੇ 40 ਸਟਾਫ਼ ਮੈਂਬਰ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ 'ਚ ਸ਼ਾਮਿਲ ਹੋਏ | ਇਸ ਸੇਵਾ ਕੈਂਪ ਦੇ ਕੋਆਰਡੀਨੇਟਰ ਪਿ੍ੰ: ਡਾ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਪਵਿੱਤਰ ਅਸਥਾਨ 'ਤੇ ਸੇਵਾ ਕਰਨ ਦਾ ਮੌਕਾ ਦਿੱਤਾ ਹੈ | ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਪ੍ਰਧਾਨ ਦਾ ਧੰਨਵਾਦ ਕੀਤਾ ਤੇ ਆਸ ਪ੍ਰਗਟਾਈ ਕਿ ਹਰ ਸਾਲ ਇਸੇ ਤਰ੍ਹਾਂ ਸਟਾਫ਼ ਅਤੇ ਵਿੱਦਿਆਰਥੀਆਂ ਨੂੰ ਗੁਰੂ ਘਰ ਅਤੇ ਸੇਵਾ ਨਾਲ ਜੋੜਨ ਲਈ ਮੈਨੇਜਮੈਂਟ ਵਲੋਂ ਅਜਿਹੇ ਉਪਰਾਲੇ ਜਾਰੀ ਰਹਿਣਗੇ | ਪਿ੍ੰ: ਡਾ. ਕੁਲਵਿੰਦਰ ਸਿੰਘ ਨੇ ਸੇਵਾ 'ਚ ਸਹਿਯੋਗ ਦੇਣ ਲਈ ਮੈਨੇਜਰ ਸ੍ਰੀ ਦਰਬਾਰ ਸਾਹਿਬ ਭਗਵੰਤ ਸਿੰਘ ਧੰੜੇਗਾ ਸਮੇਤ ਸੰਬੰਧਿਤ ਸਟਾਫ਼ ਦਾ ਧੰਨਵਾਦ ਕੀਤਾ |