ਅੰਮਿ੍ਤਸਰ, 15 ਜੂਨ (ਜਸਵੰਤ ਸਿੰਘ ਜੱਸ)-ਪੁਰਾਤਨ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਮੁੱਖ ਦਫ਼ਤਰ ਵਿਖੇ ਹੋਈ ਸ਼ੋਕ ਇਕੱਤਰਤਾ ਦੌਰਾਨ ਦੀਵਾਨ ਅਹੁਦੇਦਾਰਾਂ ਵਲੋਂ ਬੀਤੇ ਦਿਨ ਗੁਜਰਾਤ ਦੇ ਅਹਿਮਦਾਬਾਦ ਵਿਚ ਹੋਏ ਭਿਆਨਕ ਹਵਾਈ ਹਾਦਸੇ 'ਚ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪੀੜ੍ਹਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਗਈ | ਦੀਵਾਨ ਦੇ ਪ੍ਰਧਾਨ ਤੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਵਲੋਂ ਭੇਜੇ ਸ਼ੋਕ ਸੰਦੇਸ਼ ਵਿਚ ਹਾਦਸੇ ਵਿਚ ਕੀਮਤੀ ਜਾਨਾਂ ਦੇ ਹੋਏ ਨੁਕਸਾਨ ਤੇ ਗਹਿਰੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਪਿੱਛੋਂ ਰਹਿ ਗਏ ਪ੍ਰਭਾਵਿਤ ਪਰਿਵਾਰਾਂ ਅਤੇ ਸਨੇਹੀਆਂ ਨਾਲ ਸੰਵੇਦਨਾ ਪ੍ਰਗਟਾਈ ਗਈ | ਇਕੱਤਰਤਾ ਦੌਰਾਨ ਦੀਵਾਨ ਦੇ ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ, ਆਨਰੇਰੀ ਸਕੱਤਰ ਰਮਣੀਕ ਸਿੰਘ ਫ੍ਰੀਡਮ, ਐਡੀ. ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ, ਐਡੀ. ਆਨਰੇਰੀ ਸਕੱਤਰ/ਮੁੱਖ ਦਫ਼ਤਰ ਮੈਂਬਰ ਇੰਚਾਰਜ ਹਰਵਿੰਦਰ ਪਾਲ ਸਿੰਘ ਚੁੱਘ ਨੇ ਪਾਸ ਸ਼ੋਕ ਮਤੇ ਵਿਚ ਸਾਂਝੇ ਤੌਰ 'ਤੇ ਕਿਹਾ ਕਿ ਤਕਨੀਕੀ ਖਰਾਬੀ ਕਾਰਨ ਹੋਇਆ ਇਹ ਹਾਦਸਾ ਬਹੁਤ ਹੀ ਦਰਦਨਾਕ ਅਤੇ ਦੁੱਖਦਾਈ ਘਟਨਾ ਹੈ, ਜਿਸ ਨੇ ਹਰ ਇਨਸਾਨ ਨੂੰ ਭਾਵਨਾਤਮਿਕ ਤੌਰ 'ਤੇ ਝੰਜੋੜ ਕੇ ਰੱਖ ਦਿੱਤਾ ਹੈ | ਦੀਵਾਨ ਅਹੁਦੇਦਾਰਾਂ ਨੇ ਹਾਦਸੇ ਵਿਚ ਜਾਨਾਂ ਗੁਆਉਣ ਵਾਲੇ ਪੀੜ੍ਹਤਾਂ ਦੀ ਆਤਮਿਕ ਸ਼ਾਂਤੀ ਅਤੇ ਜ਼ਖਮੀਆਂ ਦੀ ਜਲਦ ਸਿਹਤਯਾਬੀ ਲਈ ਅਰਦਾਸ ਕੀਤੀ | ਇਸ ਮੌਕੇ .ਗੁਰਬਖਸ਼ ਸਿੰਘ ਬੇਦੀ, ਹਰਮਨਜੀਤ ਸਿੰਘ, ਏ. ਪੀ. ਐੱਸ. ਮਾਨ ਤੇ ਮਨਦੀਪ ਸਿੰਘ ਬੇਦੀ ਆਦਿ ਮੈਂਬਰ ਵੀ ਹਾਜ਼ਰ ਸਨ |