ਅੰਮਿ੍ਤਸਰ, 15 ਜੂਨ (ਰੇਸ਼ਮ ਸਿੰਘ)- ਕੌਮੀ ਖੁਰਾਕ ਸੁਰੱਖਿਆ ਐਕਟ ਦੇ ਉਪਬੰਧਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਸਰਕਾਰੀ ਰਾਸ਼ਨ ਡਿਪੂਆਂ 'ਤੇ ਵੰਡੀ ਜਾਣ ਵਾਲੀ ਕਣਕ ਦੀ ਗੁਣਵੱਤਾ ਅਤੇ ਮਾਤਰਾ ਵਿਚ ਪਾਰਦਰਸ਼ਤਾ ਲਿਆਉਣ ਲਈ ਅੱਜ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਸ਼੍ਰੀ ਵਿਜੇ ਦੱਤ ਨੇ ਅੰਮਿ੍ਤਸਰ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਰਾਸ਼ਨ ਡਿਪੂਆਂ 'ਤੇ ਅਚਾਨਕ ਨਿਰੀਖਣ ਕੀਤਾ | ਸ਼੍ਰੀ ਵਿਜੇ ਦੱਤ ਨੇ ਇਥੇ ਤਹਿਸੀਲਪੁਰਾ, ਮਜੀਠਾ ਰੋਡ 'ਤੇ ਨਗੀਨਾ ਐਵੇਨਿਊ, ਗੰਡਾ ਸਿੰਘ ਕਲੋਨੀ ਅਤੇ ਇੰਦਰਾ ਕਲੋਨੀ ਦੇ ਖੇਤਰਾਂ ਵਿਚ ਸਥਿਤ ਰਾਸ਼ਨ ਡਿਪੂਆਂ ਦਾ ਨਿਰੀਖਣ ਕੀਤਾ | ਉਨ੍ਹਾਂ ਨੇ ਡਿਜ਼ੀਟਲ ਨਮੀ ਮੀਟਰ ਦੀ ਵਰਤੋਂ ਕਰਕੇ ਕਣਕ ਦੀ ਨਮੀ ਦੀ ਮਾਤਰਾ ਦੀ ਜਾਂਚ ਕੀਤੀ, ਜੋ ਕਿ ਨਿਰਧਾਰਤ ਮਾਪਦੰਡਾਂ ਦੇ ਅੰਦਰ ਪਾਇਆ ਗਿਆ | ਨਿਰੀਖਣ ਦੌਰਾਨ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀ ਮੌਜੂਦ ਸਨ | ਸ੍ਰੀ ਦੱਤ ਨੇ ਦੱਸਿਆ ਕਿ ਸਰਕਾਰ ਅਪ੍ਰੈਲ ਤੋਂ ਜੂਨ ਤੱਕ ਤਿੰਨ ਮਹੀਨਿਆਂ ਲਈ ਕਣਕ ਵੰਡ ਯੋਜਨਾ ਚਲਾ ਰਹੀ ਹੈ | ਹਰੇਕ ਡਿਪੂ 'ਤੇ ਸਰਕਾਰ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਬਾਇਓਮੈਟਿ੍ਕ ਮਸ਼ੀਨਾਂ ਅਤੇ ਇਲੈਕਟ੍ਰਾਨਿਕ ਤੋਲ ਸਕੇਲਾਂ ਦੀ ਵਰਤੋਂ ਨੇ ਵੰਡ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਬਣਾਇਆ ਹੈ | ਸ਼੍ਰੀ ਦੱਤ ਨੇ ਕਿਹਾ ਕਿ ਉਹ ਅਜਿਹੇ ਅਚਨਚੇਤ ਦੌਰੇ ਕਰਦੇ ਰਹਿਣਗੇ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਪ੍ਰਤੀ ਸਖ਼ਤ ਰਵੱਈਆ ਅਪਣਾਉਣਗੇ |