ਸੁਲਤਾਨਵਿੰਡ, 16 (ਗੁਰਨਾਮ ਸਿੰਘ ਬੁੱਟਰ)-ਗੱਤਕਾ ਦੇ ਰਵਾਇਤੀ ਤੇ ਧਾਰਮਿਕ ਅਹਿਮੀਅਤ ਨੂੰ ਉਜਾਗਰ ਕਰਨ ਵਾਸਤੇ ਜਥਾ ਸਿਰਲੱਥ ਖ਼ਾਲਸਾ ਵਲੋਂ ਗੁਰਦੁਆਰਾ ਅਟਾਰੀ ਸਾਹਿਬ ਪਿੰਡ ਸੁਲਤਾਨਵਿੰਡ ਵਿਖੇ ਗੱਤਕਾ ਮੁਕਾਬਲਾ ਜਥਾ ਸਿਰਲੱਥ ਖ਼ਾਲਸਾ ਦੇ ਮੁੱਖ ਸੇਵਾਦਾਰ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ ਦੀ ਅਗਵਾਈ ਵਿਚ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਪਿੰਡ ਸੁਲਤਾਨਵਿੰਡ ਸਥਿਤ ਗੁਰਦੁਆਰਾ ਅਟਾਰੀ ਸਾਹਿਬ ਵਿਖੇ ਸਿਰਲੱਥ ਖਾਲਸਾ ਦੇ ਅਹੁਦੇਦਾਰਾਂ ਦੀ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ ਉਨ੍ਹਾਂ ਦੱਸਿਆ ਕਿ 21 ਜੂਨ ਨੂੰ ਕੌਮਾਂਤਰੀ ਗੱਤਕਾ ਦਿਵਸ ਦੇ ਮੌਕੇ 'ਤੇ ਨੌਜਵਾਨ ਗੱਤਕੇ ਦੇ ਜੌਹਰ ਵਿਖਾਉਣਗੇ | ਉਨ੍ਹਾਂ ਦੱਸਿਆ ਕਿ ਗੱਤਕਾ ਸਿੱਖ ਧਰਮ ਦੀ ਇਤਿਹਾਸਕ ਮੌਰੂਸੀ ਖੇਡ ਹੈ ਜੋ ਨਾ ਸਿਰਫ ਸਰੀਰਕ ਫੁਰਤੀ ਤੇ ਸ਼ਕਤੀ ਦਾ ਪ੍ਰਤੀਕ ਹੈ, ਸਗੋਂ ਇਹ ਸਿੱਖ ਜੁੱਧ ਕਲਾ ਦੀ ਰੂਹਾਨੀ ਪਹਿਚਾਣ ਵੀ ਹੈ | ਉਨ੍ਹਾਂ ਕਿਹਾ ਕਿ ਯੋਗੇ ਦਾ ਖੰਡਨ ਕਰਕੇ 21 ਜੂਨ ਨੂੰ ਹੋਣ ਵਾਲੇ ਸਮਾਗਮ ਵਿਚ ਨੌਜਵਾਨਾਂ ਵਲੋਂ ਗੱਤਕੇ ਦੇ ਜ਼ਬਰਦਸਤ ਪ੍ਰਦਰਸ਼ਨ ਕੀਤੇ ਜਾਣਗੇ | ਇਹ ਸਮਾਗਮ ਸਵੇਰੇ ਠੀਕ ਸਵੇਰੇ 9 ਵਜੇ ਸ਼ੁਰੂ ਹੋਵੇਗਾ ਅਤੇ ਸਿੱਖ ਜਨਤਕਤਾ ਨੂੰ ਗੱਤਕੇ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਦਾ ਉਦੇਸ਼ ਰੱਖਦਾ ਹੈ | ਭਾਈ ਦਿਲਬਾਗ ਸਿੰਘ ਨੇ ਸਾਰੇ ਸੰਗਤ ਅਤੇ ਸੱਜਣਾਂ ਨੂੰ ਇਸ ਪਵਿੱਤਰ ਮੌਕੇ 'ਤੇ ਭਾਗ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਗਤਕਾ ਸਾਡੀ ਧਰਮਿਕ ਪਹਿਚਾਣ ਅਤੇ ਸੱਭਿਆਚਾਰਕ ਵਿਰਾਸਤ ਹੈ ਜਿਸ ਨੂੰ ਨਵੀਂ ਪੀੜ੍ਹੀ ਤੱਕ ਲਿਜਾਣਾ ਸਾਡਾ ਸਭ ਦਾ ਸਾਂਝਾ ਫ਼ਰਜ ਹੈ ਇਸ ਲਈ ਪ੍ਰੋਗਰਾਮ ਵਿਚ ਮਾਪੇ ਆਪਣੇ ਬੱਚਿਆਂ ਨੂੰ ਗੁਰਦੁਆਰਾ ਅਟਾਰੀ ਸਾਹਿਬ ਪਿੰਡ ਸੁਲਤਾਨਵਿੰਡ ਵਿਖੇ ਜ਼ਰੂਰ ਲੈ ਕੇ ਆਓ |