ਅੰਮਿ੍ਤਸਰ, 16 ਜੂਨ (ਰੇਸ਼ਮ ਸਿੰਘ)-ਸ਼ਹਿਰ 'ਚ ਟਰੈਫਿਕ ਪੁਲਿਸ ਵਲੋਂ ਆਵਾਜਾਈ ਜਾਮ 'ਚ ਸੁਧਾਰ ਲਈ ਯਤਨ ਲਗਾਤਾਰ ਜ਼ਾਰੀ ਹਨ, ਜਿਸ ਤਹਿਤ ਸੜਕਾਂ 'ਤੇ ਫੁੱਟਪਾਥਾਂ ਤੋਂ ਨਾਜਾਇਜ਼ ਕਬਜੇ ਹਟਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਆਵਾਜਾਈ ਜਾਮ ਤੋਂ ਮੁਕਤੀ ਮਿਲ ਸਕੇ | ਇਹ ਪ੍ਰਗਟਾਵਾ ਏ. ਡੀ. ਸੀ. ਸੀ. ਪੀ. ਅਮਨਦੀਪ ਕੌਰ ਨੇ ਕਰਦਿਆਂ ਦੱਸਿਆ ਕਿ ਸ: ਗੁਰਪ੍ਰੀਤ ਸਿੰਘ ਭੁੱਲਰ ਪੁਲਿਸ ਕਮਿਸ਼ਨਰ ਦੇ ਨਿਰਦੇਸ਼ਾਂ ਤਹਿਤ ਸ਼ਹਿਰ 'ਚ ਬੀਤ ਦਿਨਾਂ ਤੋਂ ਟਰੈਫਿਕ ਪੁਲਿਸ ਵਲੋਂ ਆਵਾਜਾਈ ਸੁਧਾਰ ਲਈ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਲੋਕਾਂ ਨੂੰ ਜਿਥੇ ਜਾਗਰੂਕ ਕੀਤਾ ਜਾ ਰਿਹਾ ਹੈ | ਉੱਥੇ ਨਾਜਾਇਜ਼ ਕਬਜੇ ਵੀ ਹਟਾਏ ਜਾ ਰਹੇ ਹਨ | ਅੱਜ ਵੀ ਮਹਿਕਮਾ ਨਿਗਮ ਦੀ ਟੀਮ ਨਾਲ ਸਮੇਤ ਟਰੈਫਿਕ ਜ਼ੋਨ ਇੰਚਾਰਜਾਂ ਨਾਲ ਹਾਲ ਬਾਜ਼ਾਰ, ਪੁਤਲੀਘਰ ਬਾਜ਼ਾਰ, ਰਾਮ ਬਾਗ ਚੌਕ ਤੇ ਚਿੱਟਾ ਗੁੰਮਟ ਚੌਕ ਤੱਕ ਦੁਕਾਨਦਾਰਾਂ ਅਤੇ ਰੇਹੜੀ-ਫੜੀ ਵਾਲਿਆਂ ਵਲੋਂ ਸੜਕਾਂ/ਫੁੱਟਪਾਥਾਂ ਉਪਰ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਕੇ ਟਰੈਫਿਕ ਨੂੰ ਸੁਚਾਰੂ ਕੀਤਾ ਗਿਆ | ਇਸ ਤੋਂ ਇਲਾਵਾ ਬੁਲਟ ਦੇ ਪਟਾਕੇ ਮਾਰਨ, ਕਾਰਾਂ ਦੀਆਂ ਕਾਲੀ ਫਿਲਮਾਂ, ਦੋ ਪਹੀਆ ਵਾਹਨ ਤੇ ਤੀਹਰੀ ਸਵਾਰੀ, ਬਿਨਾ ਹੈਲਮਟ ਅਤੇ ਹੋਰ ਜੁਰਮਾਂ ਤਹਿਤ ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ | ਇਹ ਮੁਹਿੰਮ ਭਵਿੱਖ ਵਿਚ ਵੀ ਲਗਾਤਾਰ ਜਾਰੀ ਰੱਖੀ ਜਾਵੇਗੀ, ਤਾਂ ਜੋ ਸ਼ਹਿਰ ਵਾਸੀਆਂ ਨੂੰ ਟਰੈਫਿਕ ਸੰਬੰਧੀ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ |