ਇੰਦੌਰ ਦੇ ਮੇਅਰ ਨੇ ਕੀਤੀ ਅੰਮਿ੍ਤਸਰ ਦੇ ਮੇਅਰ ਨਾਲ ਮੁਲਾਕਾਤ
ਅਜੀਤ ਡੈਸਕ
19-06-2025
ਅੰਮਿ੍ਤਸਰ, 18 ਜੂਨ (ਹਰਮਿੰਦਰ ਸਿੰਘ)-ਦੇਸ਼ ਦੇ ਸਭ ਤੋਂ ਸਾਫ਼ ਸੁਥਰੇ ਇੰਦੌਰ ਸ਼ਹਿਰ ਦੇ ਮੇਅਰ ਸ੍ਰੀ ਪੁਸ਼ਿਆ ਮਿੱਤਰਾ ਭਾਰਗਵ ਅੰਮਿ੍ਤਸਰ ਪਹੁੰਚੇ | ਇਸ ਦੌਰਾਨ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਨਗਰ ਨਿਗਮ ਅੰਮਿ੍ਤਸਰ ਵਿਖੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਨਾਲ ਮੁਲਾਕਾਤ ਕੀਤੀ ਅਤੇ ਨਿਗਮ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕਰਦੇ ਹੋਏ ਉਨ੍ਹਾਂ ਨੂੰ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੇ ਗੁਰ ਦੱਸੇ | ਇਸ ਦੌਰਾਨ ਉਨ੍ਹਾਂ ਅੰਮਿ੍ਤਸਰ 'ਚ ਬਣੇ ਵਿਰਾਸਤੀ ਮਾਰਗ ਦੀ ਪ੍ਰਸ਼ੰਸਾ ਕੀਤੀ ਤੇ ਇੰਦੌਰ 'ਚ ਵੀ ਉਸੇ ਤਰਜ਼ 'ਤੇ ਕੁਝ ਸੜਕਾਂ ਬਣਾਉਣ ਦੀ ਤਜਵੀਜ਼ ਸਾਂਝੀ ਕੀਤੀ | ਇਸ ਦੌਰਾਨ ਇੰਦੌਰ ਦੇ ਮੇਅਰ ਸ੍ਰੀ ਭਾਰਗਵ ਨੇ ਦੱਸਿਆ ਕਿ ਇੰਦੌਰ ਦੀ ਕੁਲ ਜੰਨ ਸੰਖਿਆ ਕਰੀਬ 35 ਲੱਖ ਹੈ ਅਤੇ ਉੱਥੇ ਹਰ ਰੋਜ਼ 1000 ਮੀਟਰਿਕ ਟਨ ਕੂੜਾ ਇਕੱਠਾ ਕੀਤਾ ਜਾਂਦਾ ਹੈ ਅਤੇ ਉਸ ਦੀ ਨਾਲੋਂ ਨਾਲ ਬਾਇਓਰੈਮੀਡੇਸ਼ ਕੀਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ 2021 ਵਿਚ ਇੰਦੌਰ 'ਚ ਕੂੜੇ ਦੀ ਬਾਇਓਰੈਮੀਡੇਸ਼ਨ ਕਰਵਾ ਕੇ ਕੂੜੇ ਦੇ ਪਹਾੜ ਖ਼ਤਮ ਕੀਤੇ ਗਏ | ਅੱਜ ਇੰਦੌਰ ਪੂਰੀ ਤਰ੍ਹਾਂ ਨਾਲ ਕੂੜਾ ਮੁਕਤ ਸ਼ਹਿਰ ਬਣ ਗਿਆ ਹੈ | ਉਨ੍ਹਾਂ ਦੱਸਿਆ ਕਿ ਸ਼ਹਿਰ ਦੀ ਸਾਫ਼ ਸਫ਼ਾਈ ਨੂੰ ਧਿਆਨ ਵਿਚ ਰੱਖਦੇ ਹੋਇਆਂ ਸਖ਼ਤ ਕਦਮ ਚੁੱਕਣ ਦੀ ਲੋੜ ਹੈ, ਜੋ ਦੁਕਾਨਦਾਰ ਗੰਦਗੀ ਫ਼ੈਲਾਉਂਦੇ ਹਨ ਉਨ੍ਹਾਂ ਦਾ ਚਾਲਾਨ ਕਰਕੇ ਕਰੀਬ 5 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਜਾਵੇ, ਲੋੜ ਪੈਣ 'ਤੇ ਹਾਊਸ 'ਚ ਮਤਾ ਵੀ ਲਿਆਂਦਾ ਜਾਵੇ | ਉਨ੍ਹਾਂ ਦੱਸਿਆ ਕਿ ਇੰਦੌਰ 'ਚ ਸਫ਼ਾਈ ਨੂੰ ਲੈ ਕੇ ਉੱਥੋਂ ਦੇ ਲੋਕ ਜਾਗਰੂਕ ਹੋ ਚੁੱਕੇ ਹਨ | ਉਨ੍ਹਾਂ ਕਿਹਾ ਕਿ ਅੰਮਿ੍ਤਸਰ ਸ਼ਹਿਰ ਇਤਿਹਾਸਕ ਤੇ ਧਾਰਮਿਕ ਨਗਰੀ ਹੈ ਇੱਥੇ ਬਣਿਆ ਵਿਰਾਸਤੀ ਮਾਰਗ ਜਿਸ ਦੇ ਸਫ਼ਾਈ ਤੇ ਸੰੁਦਰਤਾ ਨੇ ਉਨ੍ਹਾਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ ਜਿਸ ਦੇ ਤਰਜ਼ 'ਤੇ ਇੰਦੌਰ 'ਚ ਕਈ ਮਾਰਗ ਤਿਆਰ ਕੀਤੇ ਜਾਣ ਦੀ ਯੋਜਨਾ ਬਣਾਈ ਜਾਵੇਗੀ | ਇਸ ਮੌਕੇ 'ਤੇ ਸਿਹਤ ਅਫ਼ਸਰ ਡਾ: ਯੋਗੇਸ਼ ਅਰੋੜਾ, ਸੈਨੀਟੇਸ਼ਨ ਅਫ਼ਸਰ ਮਲਕੀਤ ਸਿੰਘ ਖਹਿਰਾ ਤੋਂ ਇਲਾਵਾ ਚੀਫ਼ ਸੈਨੇਟਰੀ ਇੰਸਪੈਕਟਰ ਤੇ ਸੈਨੇਟਰੀ ਇੰਸਪੈਕਟਰ ਮੌਜੂਦ ਸਨ |