ਅੰਮਿ੍ਤਸਰ, 18 ਜੂਨ (ਰੇਸ਼ਮ ਸਿੰਘ)-ਅੰਮਿ੍ਤਸਰ 'ਚ ਬੀਤੇ ਦਿਨੀਂ ਹੇਠ ਉਪਰ ਕੋਵਿਡ ਦੇ ਨਵੇਂ ਵੇਰੀਐਂਟ ਦੇ 5 ਮਾਮਲੇ ਸਾਹਮਣੇ ਆਉਣ ਉਪੰਰਤ ਇਕ ਹੋਰ ਔਰਤ ਕੋਰੋਨਾ ਗ੍ਰਸਤ ਪਾਈ ਗਈ ਹੈ, ਜਿਸ ਦੀ ਰਿਪੋਰਟ ਪਾਜ਼ਟਿਵ ਪਾਈ ਗਈ ਹੈ ਅਤੇ ਉਸਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ | ਮਿਲੇ ਵੇਰਵਿਆਂ ਅਨੁਸਾਰ 45 ਸਾਲ ਦੀ ਸਥਾਨਕ ਇਲਾਕੇ ਦੀ ਰਹਿਣ ਵਾਲੀ ਇਕ ਔਰਤ ਜਦੋਂ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਇਲਾਜ਼ ਲਈ ਗਈ ਤਾਂ ਉਸਨੂੰ ਲੱਛਣ ਸਾਹਮਣੇ ਆਉਣ 'ਤੇ ਉਸਦਾ ਟੈਸਟ ਕਰਵਾਇਆ ਗਿਆ ਤਾਂ ਉਹ ਪਾਜ਼ਟਿਵ ਪਾਇਆ ਗਿਆ | ਸਿਵਲ ਸਰਜਨ ਡਾ: ਕਿਰਨਦੀਪ ਕੌਰ ਨੇ ਇਹ ਜਾਣਕਾਰੀ ਦਿੰਦਿਆਂ ਮੁੜ ਦੁਹਰਾਇਆ ਕੋਵਿਡ ਦੇ ਨਵੇਂ ਵੇਰੀਐਂਟ ਤੋਂ ਘਬਰਾਉਣ ਦੀ ਲੋੜ ਨਹੀਂ ਅਤੇ ਇਹ ਆਪਣੇ ਆਪ ਹੀ ਠੀਕ ਹੋ ਰਿਹਾ ਹੈ- ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਹੀ ਮੈਡੀਕਲ ਕਾਲਜ ਦੇ 3 ਜੂਨੀਅਰ ਡਾਕਟਰ ਕੋਵਿਡ ਗ੍ਰਸਤ ਹੋ ਗਏ ਸਨ ਜੋ ਕਿ ਇਸ ਸਮੇਂ ਹੋਮ ਆਈਸੋਲੇਟ ਹਨ ਅਤੇ ਬਿਲਕੁਲ ਠੀਕ ਹਨ | ਉਨ੍ਹਾਂ ਦਸਿਆ ਨਵੇਂ ਵੇਰੀਐਂਟ ਦੇ ਮਰੀਜ਼ ਬਹੁਤ ਜਲਦੀ ਆਪਣੇ ਆਪ ਹੀ ਦੋ ਤਿੰਨ ਦਿਨਾਂ ਦੇ ਵਿਚ ਠੀਕ ਹੋ ਜਾਂਦੇ ਹਨ, ਇਸ ਲਈ ਕੋਵਿਡ ਦੇ ਨਵੇਂ ਵੇਰੀਐਂਟ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ | ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਕੋਵਿਡ ਦੇ ਹਲਕੇ ਲੱਛਣਾਂ ਜਿਵੇਂ ਖਾਂਸੀ, ਜੁਕਾਮ, ਬੁਖਾਰ, ਸਾਹ ਵਿਚ ਤਕਲੀਫ ਆਦਿ ਨੂੰ ਨਜ਼ਰ ਅੰਦਾਜ਼ ਨਾ ਕੀਤਾ ਜਾਵੇ | ਭੀੜ ਭਾੜ ਵਾਲੇ ਇਲਾਕਿਆਂ ਵਿਚ ਜਾਣ ਤੋਂ ਪਰਹੇਜ਼ ਕੀਤਾ ਜਾਵੇ | ਬਜ਼ੁਰਗਾਂ, ਗਰਭਵਤੀ ਮਾਵਾਂ, ਛੋਟੇ ਬੱਚੇ, ਸ਼ੂਗਰ, ਹਾਈਪਰਟੈਂਸ਼ਨ ਤੇ ਕਿਡਨੀ ਦੇ ਮਰੀਜ਼ ਆਦਿ ਨੂੰ ਆਪਣਾ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੈ | ਦੂਜੇ ਪਾਸੇ ਮਿਲੇ ਵੇਰਵਿਆਂ ਅਨੁਸਾਰ ਟੀ.ਬੀ. ਜੋ ਕਿ ਸੰਕਰਮਣ ਰੋਗ ਹੈ, ਦੇ ਮਰੀਜ਼ਾਂ ਦੀ ਗਿਣਤੀ ਵੀ ਵੱਧ ਰਹੀ ਹੈ, ਜਿਸ ਦੇ ਪੰਜ ਹਜ਼ਾਰ ਮਰੀਜ਼ਾਂ ਦੀ ਪਿਛਲੇ 6 ਮਹੀਨਿਆਂ 'ਚ ਪਾਏ ਗਏ ਹਨ | ਇਸੇ ਤਰ੍ਹਾਂ ਗੁਰੂ ਨਾਨਕ ਦੇਵ ਹਸਪਤਾਲ 'ਚ ਓ.ਪੀ.ਡੀ. ਲਈ ਪੁੱਜ ਰਹੇ ਮਰੀਜ਼ਾਂ 'ਚ ਜ਼ਿਆਦਾਤਰ ਮਰੀਜ਼ ਖੰਘ ਜੁਕਾਮ ਤੇ ਮੌਸਮੀ ਬੁਖਾਰ ਦੇ ਹਨ ਜਿਨ੍ਹਾਂ 'ਚੋਂ ਪੁਰਾਣੀ ਖੰਘ ਵਾਲੇ ਮਰੀਜ਼ਾਂ ਦਾ ਟੀ.ਬੀ. ਟੈਸਟ ਕਰਵਾਇਆ ਜਾ ਰਿਹਾ ਹੈ | ਇਸੇ ਤਰ੍ਹਾਂ ਔਰਤਾਂ ਤੇ ਮਰਦਾਂ ਤੋਂ ਇਲਾਵਾ ਟੀ.ਬੀ. ਦੇ ਮਰੀਜ਼ਾਂ 'ਚ ਬਚਿਆਂ ਦੀ ਗਿਣਤੀ 'ਚ ਵੀ ਇਜ਼ਾਫਾ ਹੋ ਰਿਹਾ ਹੈ | ਦੱਸਣਯੋਗ ਹੈ ਕਿ ਸਰਕਾਰ ਵਲੋਂ ਟੀ.ਬੀ. ਦੇ ਖਾਤਮੇ ਲਈ ਵਿਸੇਸ਼ ਯਤਨ ਕੀਤੇ ਜਾ ਰਹੇ ਹਨ ਜਿਸ 'ਚ ਮੁਫ਼ਤ ਟੈੱਸਟ ਦਵਾਈਆਂ ਤੇ ਖਾਣਾ ਦੇਣਾ ਵੀ ਸ਼ਾਮਿਲ ਹੈ |