ਅੰਮਿ੍ਤਸਰ, 18 ਜੂਨ (ਹਰਮਿੰਦਰ ਸਿੰਘ)-ਨਗਰ ਨਿਗਮ ਦੀਆਂ ਗੱਡੀਆਂ 'ਚੋਂ ਤੇਲ ਚੋਰੀ ਹੋਣ ਦੇ ਮਾਮਲੇ 'ਚ ਨਿਗਮ ਨੇ ਸਖ਼ਤ ਰੁਖ਼ ਅਖ਼ਤਿਆਰ ਕਰਦੇ ਹੋਏ ਵਧੀਕ ਕਮਿਸ਼ਨਰ ਦੀ ਰਿਪੋਰਟ ਤੋਂ ਬਾਅਦ ਆਟੋ ਵਰਕਸ਼ਾਪ ਦੀ ਇੰਚਾਰਜ ਡਾ: ਰਮਾ ਕੁਮਾਰੀ ਨੂੰ ਉਥੋਂ ਬਦਲ ਦਿੱਤਾ ਹੈ ਅਤੇ ਉਸ ਦੀ ਜਗ੍ਹਾ 'ਤੇ ਐਕਸੀਅਨ ਸਤਿੰਦਰਪਾਲ ਸਿੰਘ ਨੂੰ ਵਰਕਸ਼ਾਪ ਦਾ ਇੰਚਾਰਜ ਸੌਂਪ ਦਿੱਤਾ ਗਿਆ ਹੈ | ਇਸ ਤੋਂ ਇਲਾਵਾ ਵੱਖਰੇ ਤੌਰ 'ਤੇ ਕੁਝ ਹੋਰ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ, ਜਿਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਦੱਸਿਆ ਕਿ ਨਗਰ ਨਿਗਮ ਦੇ ਸਰਕਾਰੀ ਵਾਹਨਾਂ ਦਾ ਤੇਲ ਕੱਢ ਕੇ ਵੇਚਣ ਦਾ ਮਾਮਲਾ ਉਨ੍ਹਾਂ ਦੇ ਧਿਆਨ 'ਚ ਆਉਣ ਤੋਂ ਬਾਅਦ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਦੀ ਮਾਮਲੇ ਦੀ ਪੜਤਾਲ ਕਰਨ ਸੰਬੰਧੀ ਡਿਊਟੀ ਲਗਾਈ ਗਈ ਸੀ | ਉਸ ਪੜਤਾਲ ਦੀ ਵਧੀਕ ਕਮਿਸ਼ਨਰ ਵਲੋਂ ਦਿੱਤੀ ਗਈ ਆਪਣੀ ਪੜਤਾਲੀਆ ਰਿਪੋਰਟ ਤੋਂ ਬਾਅਦ ਤੇਲ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਰਿਪੋਰਟ ਦੇ ਆਧਾਰ 'ਤੇ ਡਰਾਈਵਰ ਵੈਸ਼ਨੋ ਉਂਕਾਰ ਅਤੇ ਡਰਾਈਵਰ ਅਮਰਜੀਤ ਨੂੰ ਮੁਅੱਤਲ ਕਰਨ ਲਈ ਤਜਵੀਜ਼ ਤੁਰੰਤ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ | ਇਸ ਤੋਂ ਇਲਾਵਾ ਆਟੋ ਵਰਕਸ਼ਾਪ ਹਰ ਕਾਰਵਾਈ 'ਤੇ ਨਜ਼ਰ ਰੱਖਣ ਲਈ ਉੱਥੇ ਮੁਕੰਮਲ ਤੌਰ 'ਤੇ ਸੀ.ਸੀ.ਟੀ.ਵੀ. ਕੈਮਰੇ ਲਗਵਾਏ ਜਾਣ ਦੀਆਂ ਹਦਾਇਤਾਂ ਕੀਤੀਆਂ ਹਨ | ਇਸ ਦੇ ਨਾਲ ਹੀ ਨਿਗਮ ਦੀਆਂ ਜਿਨ੍ਹਾਂ ਗੱਡੀਆਂ 'ਤੇ ਜੀ.ਪੀ.ਐੱਸ. ਪ੍ਰਣਾਲੀ ਲੱਗ ਸਕਦੀ ਹੈ ਉਹ ਲਗਵਾਉਣ ਲਈ ਕਿਹਾ ਗਿਆ ਹੈ | ਆਟੋ ਵਰਕਸ਼ਾਪ ਤੋਂ ਨਿਗਮ ਦੇ ਵੱਖ-ਵੱਖ ਵਿਭਾਗਾਂ ਵਲੋਂ ਆਪਣੇ ਕੰਮਾਂ ਲਈ ਇੰਡੰਸ ਰਾਹੀਂ ਗੱਡੀਆਂ 'ਚ ਤੇਲ ਭਰਵਾਉਣਾ ਯਕੀਨੀ ਬਣਾਉਣ ਤੇ ਭਰੇ ਤੇਲ ਅਨੁਸਾਰ ਹੀ ਉਸ ਦੀ ਖਪਤ ਕਰਨ ਦੀ ਜ਼ਿੰਮੇਵਾਰੀ ਸੰਬੰਧਿਤ ਵਿਭਾਗ ਦੇ ਮੁਖੀ ਦੀ ਨਿਰਧਾਰਤ ਕਰਨ ਅਤੇ ਤੇਲ ਦੀ ਸਹੀ ਢੰਗ ਨਾਲ ਹੋਈ ਖਪਤ ਨੂੰ ਲਿਖਤੀ ਤੌਰ 'ਤੇ ਯਕੀਨੀ ਬਣਾਉਣ ਦੀਆਂ ਹਦਾਇਤਾਂ ਕੀਤੀਆਂ ਹਨ | ਕਮਿਸ਼ਨਰ ਨੇ ਦੱਸਿਆ ਕਿ ਤੇਲ ਦੀ ਚੋਰੀ ਨੂੰ ਰੋਕਣ, ਫੋਗਿੰਗ ਮਸ਼ੀਨਾਂ ਨੂੰ ਪਾਇਆ ਜਾਣ ਵਾਲਾ ਡੀਜ਼ਲ ਜੋ ਸਪਰੇਅ ਦਵਾਈ 'ਚ ਪਾਉਣ ਲਈ ਪਹਿਲਾਂ ਕੈਨੀਆਂ 'ਚ ਪਾ ਕੇ ਦਿੱਤਾ ਜਾਂਦਾ ਸੀ ਉਸ ਨੂੰ ਬੰਦ ਕਰ ਦਿੱਤਾ ਹੈ ਇਹ ਤੇਲ ਦਵਾਈ ਦੇ ਨਾਲ ਹੀ ਮਸ਼ੀਨ 'ਚ ਪਾਇਆ ਜਾਵੇਗਾ | ਜਨਰੇਟਰਾਂ 'ਚ ਤੇਲ ਪਾਉਣ ਲਈ ਇੰਡੰਸ ਤਿਆਰ ਕਰਵਾਇਆ ਜਾਣਾ ਲਾਜ਼ਮੀ ਕਰ ਦਿੱਤਾ ਹੈ ਅਤੇ ਇਸ ਤੇਲ ਨੂੰ ਲਾਗ ਬੁੱਕ ਵਿਚ ਦਰਜ ਕਰਵਾਉਣ ਤੋਂ ਬਾਅਦ ਹੀ ਜਨਰੇਟਰਾਂ ਦੀ ਵਰਤੋਂ ਲਈ ਤੇਲ ਕੈਨੀ 'ਚ ਪਾਏ ਜਾਣ ਦੀਆਂ ਹਦਾਇਤਾਂ ਕੀਤੀਆਂ ਹਨ ਅਤੇ ਜੇਕਰ ਤੇਲ ਚੋਰੀ ਹੋਣ ਦੀ ਘਟਨਾ ਸਾਹਮਣੇ ਆਉਂਦੀ ਹੈ ਤਾਂ ਉਸ ਦੀ ਪੂਰੀ ਜ਼ਿੰਮੇਵਾਰੀ ਸੰਬੰਧਿਤ ਵਿਭਾਗ ਦੇ ਮੁਖੀ ਦੀ ਤੈਅ ਕੀਤੀ ਗਈ ਹੈ | ਵਰਕਸ਼ਾਪ ਦਾ ਸਾਰਾ ਰਿਕਾਰਡ ਮਿਤੀ ਬਧ ਢੰਗ ਨਾਲ ਮੁਕੰਮਲ ਕਰਨ ਦੀਆਂ ਹਦਾਇਤਾਂ ਕੀਤੀਆਂ ਹਨ ਅਜਿਹਾ ਨਾ ਕਰਨ ਦੀ ਸੂਰਤ ਵਿਚ ਸੰਬੰਧਿਤ ਅਧਿਕਾਰੀ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਨ ਦੀਆਂ ਹਦਾਇਤਾਂ ਕੀਤੀਆਂ ਹਨ |